ਲੁਧਿਆਣਾ : ਪੰਜਾਬ ’ਚ ਉਦਯੋਗਾਂ ’ਤੇ ਪਾਵਰਕਾਮ ਨੇ ਇਕ ਸਰਕੂਲਰ ਜਾਰੀ ਕਰ ਕੇ 10 ਫ਼ੀਸਦੀ ਬਿਜਲੀ ਦੀ ਕੀਮਤ ਵਧਾ ਦਿੱਤੀ ਹੈ। ਮਿਤੀ 28 ਮਾਰਚ, 2023 ਦੇ ਸਰਕੂਲਰ ’ਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੀ ਉਦਯੋਗਿਕ ਪਾਲਿਸੀ ਮਿਤੀ 8 ਮਾਰਚ, 2023 ਨੂੰ ਜਾਰੀ ਕਰ ਦਿੱਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਪੰਜਾਬ ‘ਚ ਉਦਯੋਗਾਂ ’ਤੇ 5 ਸਾਲ 5.30 ਰੁਪਏ ਪ੍ਰਤੀ ਯੂਨਿਟ ਵੇਰੀਏਬਲ (ਪ੍ਰਤੀ ਵਰਤੋਂ ਕੀਤੇ ਗਏ ਯੂਨਿਟ ’ਤੇ) ਰੇਟ ਤੋਂ ਬਿਜਲੀ ਵਸੂਲੀ ਜਾਵੇਗੀ।
ਇਸ ਪਾਲਿਸੀ ਦੀ ਵਿਵਸਥਾ ਅਨੁਸਾਰ ਇਹ ਪਾਲਿਸੀ 17 ਅਕਤੂਬਰ, 2022 ਤੋਂ ਲਾਗੂ ਹੋਵੇਗੀ। ਪਾਵਰਕਾਮ ਦੇ ਬਿਲਿੰਗ ਵਿਭਾਗ ਨੇ ਇਕ ਪੱਤਰ ਲਿਖ ਕੇ ਆਪਣੇ ਵਿਭਾਗ ਤੋਂ ਪੁੱਛਿਆ ਹੈ ਕਿ ਪਾਲਿਸੀ ਦੇ ਮੁਤਾਬਕ ਬਿੱਲ ਜਾਰੀ ਕਰਨ ਲਈ ਜੋ ਕਿਹਾ ਗਿਆ ਹੈ, ਉਸ ’ਚ ਪਾਲਿਸੀ 17 ਅਕਤੂਬਰ ਤੋਂ ਲਾਗੂ ਹੁੰਦੀ ਹੈ ਤਾਂ ਕੀ 50 ਪੈਸੇ ਪ੍ਰਤੀ ਯੂਨਿਟ 17 ਅਕਤੂਬਰ, 2022 ਤੋਂ ਵਸੂਲੇ ਜਾਣੇ ਹਨ ਕਿ ਨਹੀਂ। ਜਦੋਂ ਤੱਕ ਇਸ ’ਤੇ ਫ਼ੈਸਲਾ ਨਹੀਂ ਲਿਆ ਜਾਂਦਾ ਤਾਂ ਉਦਯੋਗਾਂ ’ਤੇ ਪਿਛਲਾ ਬਕਾਇਆ ਦੇਣ ਸਬੰਧੀ ਭੰਬਲਭੂਸਾ ਬਰਕਰਾਰ ਰਹੇਗਾ।