ਲੁਧਿਆਣਾ: ਸਰਕਾਰ ਨੇ ਉਨ੍ਹਾਂ ਲੋਕਾਂ ਨੂੰ 30 ਜੂਨ ਤੱਕ ਦਾ ਸਮਾਂ ਦਿੱਤਾ ਹੈ, ਜਿਨ੍ਹਾਂ ਨੇ ਅਜੇ ਤੱਕ ਆਪਣੇ ਵਾਹਨਾਂ ‘ਤੇ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਹੀਂ ਲਗਾਈਆਂ ਹਨ। ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਟਰੈਫਿਕ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਚਲਾਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਸੂਬਾ ਸਰਕਾਰ ਵੱਲੋਂ ਕਈ ਵਾਰ ਆਖਰੀ ਤਰੀਕ ਤੈਅ ਕੀਤੀ ਹੈ।
ਦੱਸ ਦੇਈਏ ਕਿ ਜੇਕਰ ਕਿਸੇ ਦਾ ਵਾਹਨ 1 ਅਪ੍ਰੈਲ, 2019 ਤੋਂ ਪਹਿਲਾਂ ਮੈਨਫੈਕਚਰ ਕੀਤਾ ਗਿਆ ਹੈ, ਤਾਂ ਵਿਭਾਗ ਦੀ ਆਨਲਾਈਨ ਵੈੱਬਸਾਈਟ ‘ਤੇ ਜਾ ਕੇ ਵਾਹਨ ਦਾ ਵੇਰਵਾ ਦਰਜ ਕਰਕੇ ਮਿਤੀ, ਸਮਾਂ ਅਤੇ ਫਿਟਮੈਂਟ ਸੈਂਟਰ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਪਲੇਟ ਲਗਾਉਣ ਲਈ ਹੋਮ ਫਿਟਮੈਂਟ ਦੀ ਸਹੂਲਤ ਵੀ ਦਿੱਤੀ ਗਈ ਹੈ। ਦੂਜੇ ਪਾਸੇ ਜੇਕਰ ਗੱਡੀ 1 ਅਪ੍ਰੈਲ 2019 ਤੋਂ ਬਾਅਦ ਬਣਵਾਈ ਜਾਂਦੀ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਪਲੇਟ ਮੋਟਰ ਵਹੀਕਲ ਡੀਲਰ ਵੱਲੋਂ ਲਗਾਈ ਜਾਵੇਗੀ।
ਜੇਕਰ ਸਰਕਾਰ ਵੱਲੋਂ ਨੰਬਰ ਪਲੇਟਾਂ ਸੰਬਧੀ ਜਾਰੀ ਹਿਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀਂ ਤਾਂ ਵਾਹਨਾਂ ਦੇ ਚਲਾਨ ਕਰਨ ਤੋਂ ਇਲਾਵਾ ਸੂਬਾ ਸਰਕਾਰ ਅਜਿਹੇ ਵਾਹਨਾਂ ਨੂੰ ਆਨਲਾਈਨ ਪੋਰਟਲ ‘ਤੇ ਬਲੈਕਲਿਸਟ ਵੀ ਕਰ ਸਕਦੀ ਹੈ। ਜੇਕਰ ਵਾਹਨ ਬਲੈਕ ਲਿਸਟ ਹੋ ਜਾਂਦਾ ਹੈ ਤਾਂ ਨਾ ਤਾਂ ਵਾਹਨ ਟਰਾਂਸਫਰ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਲੋਨ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ ਆਦਿ ਲਈ ਕਾਰਵਾਈ ਕੀਤੀ ਜਾ ਸਕਦੀ ਹੈ।
ਜੇਕਰ ਜੁਰਮਾਨੇ ਦੀ ਗੱਲ ਕਰੀਏ ਤਾਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟ ਨਾ ਲਗਾਉਣ ‘ਤੇ ਪਹਿਲੇ ਅਪਰਾਧ ਲਈ 2,000 ਰੁਪਏ ਅਤੇ ਬਾਅਦ ਦੇ ਅਪਰਾਧ ਲਈ 3,000 ਰੁਪਏ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ।