ਲੁਧਿਆਣਾ : ਸੀ. ਬੀ. ਐੱਸ. ਈ. ਨੇ ਸਕੂਲਾਂ ਇਕ ਅਪ੍ਰੈਲ ਤੋਂ ਨਵਾਂ ਸੈਸ਼ਨ ਸ਼ੁਰੂ ਕਰਨ ਦੇ ਸਖ਼ਤ ਹੁਕਮ ਜਾਰੀ ਕਰ ਦਿੱਤੇ ਹਨ ਪਰ ਦੇਖਿਆ ਗਿਆ ਹੈ ਕਿ ਸੀ. ਬੀ. ਐੱਸ. ਈ. ਦੇ ਇਨ੍ਹਾਂ ਹੁਕਮਾਂ ਦੇ ਬਾਵਜੂਦ ਕੁੱਝ ਸਕੂਲ ਅਜੇ ਵੀ 10ਵੀਂ ਅਤੇ 12ਵੀਂ ਦੀਆਂ ਕਲਾਸਾਂ ਲਾ ਰਹੇ ਹਨ।
ਵਿਦਿਆਰਥੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਕੁੱਝ ਚੋਣਵੇਂ ਸਕੂਲ ਹੀ ਸਿਲੇਬਸ ਸਮੇਂ ਤੋਂ ਪਹਿਲਾਂ ਪੂਰਾ ਕਰਵਾਉਣ ਲਈ ਉਨ੍ਹਾਂ ਦੇ ਬੱਚਿਆਂ ‘ਤੇ ਪੜ੍ਹਾਈ ਦਾ ਫਾਲਤੂ ਬੋਝ ਪਾ ਰਹੇ ਹਨ, ਜਦੋਂ ਕਿ ਜੇਕਰ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੈ ਤਾਂ ਸਿਲੇਬਸ ਆਸਾਨੀ ਨਾਲ ਸ਼ੁਰੂ ਹੋ ਸਕਦਾ ਹੈ।
ਮਾਪਿਆਂ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਸੀ. ਬੀ. ਐੱਸ. ਈ. ਨੂੰ ਲਿਖ਼ਤੀ ਸ਼ਿਕਾਇਤ ਕਰਨ ਜਾ ਰਹੇ ਹਨ ਕਿਉਂਕਿ ਸਕੂਲ ਬੱਚਿਆਂ ਨੂੰ ਖੇਡਣ ਜਾਂ ਹੋਰ ਗਤੀਵਿਧੀਆਂ ਲਈ ਸਮਾਂ ਨਹੀਂ ਦੇ ਰਹੇ ਹਨ। ਗੱਲ ਕਰਨ ‘ਤੇ ਸੀ. ਬੀ. ਐੱਸ. ਈ. ਦੇ ਸਿਟੀ ਕੋ-ਆਰਡੀਨੇਟਰ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸਕੂਲ ਨੂੰ 1 ਅਪ੍ਰੈਲ ਤੋਂ ਪਹਿਲਾਂ ਨਵਾਂ ਸੈਸ਼ਨ ਸ਼ੁਰੂ ਕਰਨ ਦੀ ਮਨਜ਼ੂਰੀ ਨਹੀਂ ਹੈ, ਬੇਸ਼ੱਕ ਬੋਰਡ ਦੀਆਂ ਕਲਾਸਾਂ ਹੀ ਕਿਉਂ ਨਾ ਹੋਣ।