ਲੁਧਿਆਣਾ : ਪੀ.ਏ.ਯੂ. ਵਿਖੇ ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਵੱਲੋਂ ਪਾਲ ਆਡੀਟੋਰੀਅਮ ਵਿੱਚ 15 ਮਾਰਚ ਨੂੰ ਸਲਾਨਾ ਸਮਾਗਮ ਕਰਵਾਇਆ ਜਾਵੇਗਾ | ਇਸ ਵਿੱਚ ਡਾ. ਦਰਸ਼ਨ ਸਿੰਘ ਬਰਾੜ ਯਾਦਗਾਰੀ ਸਨਮਾਨ ਤੋਂ ਇਲਾਵਾ ਪੀ.ਏ.ਯੂ. ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ 8 ਕਾਲਜਾਂ ਦੇ 12 ਪ੍ਰੋਗਰਾਮਾਂ ਲਈ ਪੇਂਡੂ ਖੇਤਰਾਂ ਦੇ ਹੋਣਹਾਰ ਅੰਡਰਗ੍ਰੈਜੂਏਟ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਦਿੱਤੇ ਜਾਣਗੇ |
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਖੁਸ਼ ਫਾਊਂਡੇਸ਼ਨ ਦੇ ਸਕੱਤਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਾਲ ਵਧੀਆ ਅਕਾਦਮਿਕ ਪ੍ਰਦਰਸ਼ਨ ਕਰਨ ਵਾਲੇ ਪੇਂਡੂ ਖੇਤਰ ਦੇ 57 ਵਿਦਿਆਰਥੀਆਂ ਨੂੰ ਵਜ਼ੀਫੇ ਲਈ ਚੁਣਿਆ ਗਿਆ ਹੈ | ਇਸ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਅਤੇ ਖੋਜ ਵਿਦਵਾਨਾਂ ਨੂੰ 10 ਯਾਤਰਾ ਗ੍ਰਾਂਟਾ ਨਾਲ ਨਿਵਾਜ਼ਿਆ ਜਾਵੇਗਾ |
ਇਸੇ ਸਮਾਗਮ ਵਿੱਚ 2022 ਲਈ ਡਾ. ਦਰਸ਼ਨ ਸਿੰਘ ਬਰਾੜ ਪੁਰਸਕਾਰ ਅਤੇ ਡਾ. ਦਰਸ਼ਨ ਸਿੰਘ ਬਰਾੜ ਨੌਜਵਾਨ ਵਿਗਿਆਨੀ ਪੁਰਸਕਾਰ ਵੀ ਪ੍ਰਦਾਨ ਕੀਤੇ ਜਾਣਗੇ | ਸਮਾਗਮ ਦੌਰਾਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਦੇਵ ਸਿੰਘ ਖੁਸ਼ ਅਤੇ ਉਪ ਚੇਅਰਮੈਨ ਹਰਵੰਤ ਖੁਸ਼ ਤੋਂ ਇਲਾਵਾ ਬੋਰਡ ਦੇ ਮੈਂਬਰ ਅਤੇ ਪੀ.ਏ.ਯੂ. ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਮਾਹਿਰ ਸ਼ਾਮਿਲ ਹੋਣਗੇ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ |