ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਮਸ਼ਹੂਰ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਛਾਈ ਹੋਈ ਹੈ। ਅਦਾਕਾਰ ਸਤੀਸ਼ ਕੌਸ਼ਿਕ ਦੀ 66 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਤੀਸ਼ ਕੌਸ਼ਿਕ ਆਪਣੇ ਪਿੱਛੇ ਰੋਂਦੀ ਪਤਨੀ ਅਤੇ ਇੱਕ ਧੀ ਛੱਡ ਗਏ ਹਨ।
ਦੱਸ ਦਈਏ ਕਿ ਸਤੀਸ਼ ਕੌਸ਼ਕ ਲੰਬੇ ਸਮੇਂ ਤੋਂ ਹਿੰਦੀ ਫ਼ਿਲਮ ਇੰਡਸਟਰੀ ਨਾਲ ਜੁੜੇ ਹੋਏ ਸਨ। ਸਖ਼ਤ ਮਿਹਨਤ ਅਤੇ ਲਗਨ ਦੇ ਦਮ ‘ਤੇ ਉਨ੍ਹਾਂ ਨੇ ਬਾਲੀਵੁੱਡ ‘ਚ ਖ਼ਾਸ ਪਛਾਣ ਬਣਾਈ ਸੀ। ਸਤੀਸ਼ ਕੌਸ਼ਿਕ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਰਿਪੋਰਟਾਂ ਮੁਤਾਬਕ, ਸਾਲ 2023 ‘ਚ ਉਨ੍ਹਾਂ ਦੀ ਨੈੱਟਵਰਥ ਕਰੀਬ 50 ਕਰੋੜ ਰੁਪਏ ਹੈ। ਅਦਾਕਾਰੀ ਤੋਂ ਇਲਾਵਾ ਸਤੀਸ਼ ਕੌਸ਼ਿਕ ਇੱਕ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਵੀ ਸਨ।
ਸਤੀਸ਼ ਕੌਸ਼ਿਕ ਨੇ ਆਪਣੇ ਅਦਾਕਾਰੀ ਕਰੀਅਰ ‘ਚ ਕਈ ਯਾਦਗਾਰੀ ਪ੍ਰਦਰਸ਼ਨ ਦਿੱਤੇ। ਅਮਰੀਸ਼ ਪੁਰੀ ਤੋਂ ਲੈ ਕੇ ਅਨਿਲ ਕਪੂਰ ਤੱਕ ਉਨ੍ਹਾਂ ਨੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ। ਉਨ੍ਹਾਂ ਦੇ ਕੁਝ ਪ੍ਰਤੀਕ ਪ੍ਰਦਰਸ਼ਨਾਂ ‘ਚ ਕੈਲੰਡਰ, ਮੁਥੂ ਸਵਾਮੀ ਅਤੇ ਪੱਪੂ ਪੇਜਰ ਵਰਗੇ ਕਿਰਦਾਰ ਸ਼ਾਮਲ ਹਨ।
ਸਤੀਸ਼ ਕੌਸ਼ਿਕ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਸਾਜਨ ਚਲੇ ਸਸੁਰਾਲ’, ‘ਰਾਮ ਲਖਨ’, ‘ਮਿਸਟਰ ਐਂਡ ਮਿਸਿਜ਼ ਖਿਲਾੜੀ’, ‘ਦੀਵਾਨਾ ਮਸਤਾਨਾ’, ‘ਕਿਊਂਕੀ ਮੈਂ ਝੂਠ ਨਹੀਂ ਬੋਲਦਾ’, ‘ਲਕਸ਼ਮੀ’ ਅਤੇ ‘ਉੜਤਾ ਪੰਜਾਬ’ ਸਮੇਤ ਕਈ ਫ਼ਿਲਮਾਂ ‘ਚ ਕੰਮ ਕੀਤਾ।
ਸਤੀਸ਼ ਕੌਸ਼ਿਕ ਨੇ 1985 ‘ਚ ਸ਼ਸ਼ੀ ਕੌਸ਼ਿਕ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਪੁੱਤਰ ਸਾਨੂ ਕੌਸ਼ਿਕ ਦੀ ਦੋ ਸਾਲ ਦੀ ਉਮਰ ‘ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਸਾਲ 2012 ‘ਚ ਸਰੋਗੇਟ ਮਾਂ ਦੇ ਜ਼ਰੀਏ ਫਿਰ ਤੋਂ ਬੇਟੀ ਵੰਸ਼ਿਕਾ ਦੇ ਪਿਤਾ ਬਣੇ।
ਦੱਸਣਯੋਗ ਹੈ ਕਿ ਸਤੀਸ਼ ਕੌਸ਼ਿਕ ਨੇ ਮੰਗਲਵਾਰ ਨੂੰ ਜਾਵੇਦ ਅਖ਼ਤਰ ਅਤੇ ਸ਼ਬਾਨਾ ਆਜ਼ਮੀ ਦੀ ਹੋਲੀ ਪਾਰਟੀ ‘ਚ ਸ਼ਿਰਕਤ ਕੀਤੀ। ਉਥੋਂ ਉਸ ਨੇ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤੀਆਂ ਹਨ। ਇਸ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੇ ਅਚਾਨਕ ਦਿਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।