ਲੁਧਿਆਣਾ : ਸੂਬੇ ’ਚ ਸੱਤ ਮਾਰਚ ਤੋਂ ਮੌਸਮ ਫਿਰ ਬਦਲ ਜਾਵੇਗਾ। ਕਿਉਂਕਿ ਹਿਮਾਲਿਆ ਰਿਜਨ ’ਚ ਪੱਛੜੀ ਗੜਬੜੀ ਮੁੜ ਸਰਗਰਮ ਹੋ ਰਹੀ ਹੈ। ਇਸ ਦਾ ਅਸਰ ਪੰਜਾਬ ਦੇ ਮੈਦਾਨੀ ਇਲਾਕਿਆਂ ’ਚ ਵੀ ਹੋਵੇਗਾ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਸੱਤ ਮਾਰਚ ਦੀ ਦੁਪਹਿਰ ਤੋਂ ਪੱਛੜੀ ਗੜਬੜੀ ਸਰਗਰਮ ਹੋ ਜਾਵੇਗੀ। ਇਸ ਕਾਰਨ ਅੱਠ ਮਾਰਚ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿਣ ਤੇ ਗਰਜ ਨਾਲ ਛਿੱਟਾਂ ਪੈ ਸਕਦੀਆਂ ਹਨ।
ਦੂਜੇ ਪਾਸੇ ਐਤਵਾਰ ਨੂੰ ਮੌਸਮ ਸਾਫ਼ ਰਿਹਾ ਤੇ ਦਿਨ ’ਚ ਗਰਮੀ ਮਹਿਸੂਸ ਹੋਈ। ਹਾਲਾਂਕਿ ਸ਼ਾਮ ਢਲਦੇ ਹੀ ਹਵਾ ’ਚ ਠੰਢ ਮਹਿਸੂਸ ਹੋਈ। ਵਿਭਾਗ ਮੁਤਾਬਕ ਚੰਡੀਗੜ੍ਹ ’ਚ ਦਿਨ ਦਾ ਤਾਪਮਾਨ ਸਭ ਤੋਂ ਵੱਧ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 28.5, ਪਟਿਆਲਾ ’ਚ 28.6, ਅੰਮ੍ਰਿਤਸਰ ’ਚ 28.2 ਤੇ ਜਲੰਧਰ ’ਚ 26.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।