ਲੁਧਿਆਣਾ : ਕਨੇਡਾ ਦੇ ਸੂਬੇ ਕੈਲਗਰੀ ਵਿਚ ਵਸਦੇ ਪੀਏਯੂ ਦੇ ਸਾਬਕਾ ਵਿਦਿਆਰਥੀ; ਸ੍ਰੀ ਕਮਲ ਬਾਸੀ, ਸ੍ਰੀ ਮਹਿੰਦਰ ਬਰਾੜ ਅਤੇ ਮਨਜੋਤ ਗਿੱਲ ਨੇ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਮਹਾਨ ਸੰਸਥਾ ਦੀ ਵਾਗਡੋਰ ਸੰਭਾਲਣ ਲਈ ਵਧਾਈ ਦਿੱਤੀ।
ਇਸ ਮੌਕੇ ਸ਼੍ਰੀ ਬਾਸੀ ਨੇ ਸਾਬਕਾ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਡਾ ਗੋਸਲ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਬਦੇਸ਼ ਬੈਠੇ ਸਾਬਕਾ ਵਿਦਿਆਰਥੀਆਂ ਨਾਲ ਠੋਸ ਸਬੰਧ ਬਣਾਉਣ ਅਤੇ ਟਿਕਾਊ ਖੇਤੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਡਾ. ਗੋਸਲ ਦੇ ਦ੍ਰਿਸ਼ਟੀਕੋਣ ਨੂੰ ਉਹ ਸਮਰਥਨ ਦਿੰਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਵਾਈਸ ਚਾਂਸਲਰ ਦੀ ਅਗਵਾਈ ਵਿਚ ਪੀ ਏ ਯੂ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਵਿਚ ਸਮਰੱਥ ਸਾਬਿਤ ਹੋਵੇਗੀ।
ਸੰਚਾਰ ਕੇਂਦਰ ਦਾ ਦੌਰਾ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ: ਤੇਜਿੰਦਰ ਸਿੰਘ ਰਿਆੜ ਦੀ ਅਗਵਾਈ ਹੇਠ 280 ਤੋਂ ਵੱਧ ਫਾਰਮ ਪ੍ਰਕਾਸ਼ਨਾਂ ਰਾਹੀਂ ਕਿਸਾਨ ਭਾਈਚਾਰੇ ਨਾਲ ਮਜ਼ਬੂਤ ਸੰਚਾਰ ਸਬੰਧ ਬਣਾਉਣ ਲਈ ਕੀਤੀਆਂ ਜਾ ਰਹੀਆਂ ਨਵੀਆਂ ਪੁਲਾਂਘਾਂ ਨੂੰ ਦੇਖ ਕੇ ਸਾਬਕਾ ਵਿਦਿਆਰਥੀਆਂ ਨੇ ਖੁਸ਼ੀ ਜ਼ਾਹਿਰ ਕੀਤੀ।
ਹਫਤਾਵਾਰੀ ਡਿਜੀਟਲ ਅਖਬਾਰ ਖੇਤੀ ਸੰਦੇਸ਼, ਕਿਸਾਨ-ਵਿਗਿਆਨੀ ਇੰਟਰਫੇਸ ਲਈ ਹਫਤਾਵਾਰੀ ਫੇਸਬੁੱਕ ਲਾਈਵ, ਮਾਹਰ ਖੇਤੀ ਵਾਰਤਾਵਾਂ, ਅਤੇ ਕੇਂਦਰ ਦੇ ਤਿਆਰ ਬਰ ਤਿਆਰ ਰਿਕਾਰਡਿੰਗ ਸਟੂਡੀਓ ਵਿੱਚ ਰਿਕਾਰਡ ਕੀਤੀਆਂ ਡਾਕੂਮੈਂਟਰੀਆਂ, ਯੂਟਿਊਬ ਵੀਡੀਓਜ਼, ਟਵਿੱਟਰ ਅਪਡੇਟਸ ਅਤੇ ਵਟਸਐਪ ਗਰੁੱਪਾਂ ‘ਤੇ ਸਲਾਹਾਂ ਨੂੰ ਸਾਂਝਾ ਕਰਨ ਆਦਿ ਵਰਗੀਆਂ ਪਸਾਰ ਵਿਧੀਆਂ ਦੀ ਵੀ ਉਨ੍ਹਾਂ ਭਰਪੂਰ ਸ਼ਲਾਘਾ ਕੀਤੀ।
ਸਮੂਹ ਮੈਂਬਰਾਂ ਨੇ ਬਾਅਦ ਵਿੱਚ ਵਾਈਸ ਚਾਂਸਲਰ ਡਾ: ਤੇਜਿੰਦਰ ਸਿੰਘ ਰਿਆੜ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਸਮੇਂ ਵਿਦਿਆਰਥੀ ਭਲਾਈ ਦੇ ਨਵ-ਨਿਯੁਕਤ ਨਿਰਦੇਸ਼ਕ ਡਾ. ਨਿਰਮਲ ਜੌੜਾ ਵੀ ਮੌਜੂਦ ਸਨ । ਯੂਨੀਵਰਸਿਟੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਸਾਬਕਾ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਡਾ: ਗੋਸਲ ਦੀ ਯੋਗ ਅਗਵਾਈ ਹੇਠ ਪੀਏਯੂ ਨਵੀਆਂ ਉਚਾਈਆਂ ਹਾਸਲ ਕਰੇਗੀ।