ਲੁਧਿਆਣਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਗਦਗੁਰੂ ਮਹਾਰਿਸ਼ੀ ਸਵਾਮੀ ਦਯਾਨੰਦ ਸਰਸਵਤੀ ਦੇ ਜਨਮ ਦਿਵਸ ਮੌਕੇ ਲੁਧਿਆਣਾ ਦੇ ਸਾਰੇ ਆਰੀਆ ਸਮਾਜਾਂ ਵੱਲੋਂ ਸਵਾਮੀ ਜੀ ਦੇ ਵਿਚਾਰਾਂ ਅਤੇ ਜੀਵਨ ਦਰਸ਼ਨ ਨੂੰ ਸੇਧ ਦੇਣ ਅਤੇ ਸ਼ਹਿਰ ਵਾਸੀਆਂ ਨੂੰ ਆਰੀਆ ਸਮਾਜ ਦੀਆਂ ਮਾਨਤਾਵਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਵੱਖ-ਵੱਖ ਇਲਾਕਿਆਂ ਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ।
ਇਸ ਕੜੀ ਵਿਚ ਆਰੀਆ ਸਮਾਜ ਮਾਡਲ ਟਾਊਨ ਲੁਧਿਆਣਾ ਵਲੋਂ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ | ਸਵੇਰੇ ਆਰੀਆ ਸਮਾਜ ਤੋਂ ਸ਼ੁਰੂ ਹੋ ਕੇ ਇਹ ਪ੍ਰਭਾਤ ਫੇਰੀ ਸ਼੍ਰੀ ਕ੍ਰਿਸ਼ਨ ਮੰਦਰ ਅਤੇ ਮਾਡਲ ਟਾਊਨ ਦੇ ਰਸਤੇ ‘ਤੇ ਆਰੀਆ ਸਮਾਜ ਦੀ ਵਿਚਾਰਧਾਰਾ ਨੂੰ ਫੈਲਾਉਂਦੇ ਹੋਏ ਦੁਬਾਰਾ ਆਰੀਆ ਸਮਾਜ ਮੰਦਰ ਪਹੁੰਚੀ। ਆਰੀਆ ਸਮਾਜੀ ਵਿਦਿਅਕ ਸੰਸਥਾਵਾਂ ਨਾਲ ਜੁੜੇ ਬਹੁਤ ਸਾਰੇ ਵਿਦਿਆਰਥੀ ਇਸ ਰੈਲੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਬੀ.ਸੀ.ਐਮ. ਆਰੀਆ ਸਕੂਲ, ਸ਼ਾਸਤਰੀ ਨਗਰ ਦੇ ਆਰੀਆ ਬਾਲ ਸਭਾ ਮੈਂਬਰਾਂ ਅਤੇ ਕੈਂਬਰਿਜ ਵਿਭਾਗ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਆਰੀਆ ਸਮਾਜਾਂ ਨਾਲ ਜੁੜੇ ਕਈ ਪਤਵੰਤੇ ਵੀ ਹਾਜ਼ਰ ਸਨ। ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਸਾਰੇ ਆਰੀਆ ਭਰਾਵਾਂ ਦਾ ਵੱਖ-ਵੱਖ ਮੁਹੱਲਾ ਨਿਵਾਸੀਆਂ, ਸੰਸਥਾਵਾਂ ਅਤੇ ਪਰਿਵਾਰਾਂ ਵਲੋਂ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ |
ਇਸ ਮੌਕੇ ਆਰੀਆ ਸਮਾਜ ਮਾਡਲ ਟਾਊਨ ਲੁਧਿਆਣਾ ਦੇ ਪ੍ਰਧਾਨ ਸ੍ਰੀ ਸੁਰੇਸ਼ ਮੁੰਜਾਲ ਅਤੇ ਮੈਨੇਜਰ ਸ੍ਰੀ ਜਗਜੀਵਨ ਬੱਸੀ ਨੇ ਦੱਸਿਆ ਕਿ ਇਸ ਸਾਲ 26 ਫਰਵਰੀ 2023 ਨੂੰ ਸਵਾਮੀ ਜੀ ਦੇ ਜਨਮ ਦਿਨ ਮੌਕੇ ਸਕੂਲ ਦੇ ਵਿਹੜੇ ਚ ਮਹਾਯੱਗ ਦਾ ਆਯੋਜਨ ਕੀਤਾ ਜਾਵੇਗਾ, ਜਿਸ ਚ ਵੇਦ ਪ੍ਰਦਰਸ਼ਨੀ ਮੁੱਖ ਖਿੱਚ ਦਾ ਕੇਂਦਰ ਹੋਵੇਗੀ।
ਇਸ ਮੌਕੇ ਪ੍ਰੋ. ਸੱਤਿਆਵਰਤ ਰਾਜੇਸ਼ ਦੀ ਪੁਸਤਕ ‘ਨਿਰਾਲੇ ਦਯਾਨੰਦ’ ਨੂੰ ਵੀ ਆਰੀਆ ਸਮਾਜ ਮਾਡਲ ਟਾਊਨ ਵੱਲੋਂ ਟਾਈਪ ਕਰਕੇ ਵੰਡਿਆ ਜਾਵੇਗਾ ਤਾਂ ਜੋ ਹੋਰਨਾਂ ਨੂੰ ਵੀ ਮਹਾਰਿਸ਼ੀ ਦੇ ਵਿਚਾਰਾਂ ਅਤੇ ਵਿਲੱਖਣਤਾ ਨੂੰ ਜਾਣਨ ਦਾ ਮੌਕਾ ਮਿਲ ਸਕੇ। ਆਚਾਰੀਆ ਰਾਜੇਂਦਰ ਜੀ ਸ਼ਾਸਤਰੀ ਅਤੇ ਅਚਾਰੀਆ ਜੈੇਂਦਰ ਜੀ ਦੀ ਮੌਜੂਦਗੀ ਵਿੱਚ ਯੱਗ ਅਤੇ ਪ੍ਰਵਚਨ ਦਾ ਕੰਮ ਕੀਤਾ ਜਾਵੇਗਾ।