ਲੁਧਿਆਣਾ : ਬੀਤੇ ਦਿਨੀਂ ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਜੋਂ ਨਿਯੁਕਤ ਹੋਏ ਡਾ ਨਿਰਮਲ ਜੌੜਾ ਨੂੰ ਅੱਜ ਸੰਚਾਰ ਕੇਂਦਰ ਨੇ ਚਾਹ ਪਾਰਟੀ ਦਿੱਤੀ। ਜ਼ਿਕਰਯੋਗ ਹੈ ਕਿ ਡਾ ਜੌੜਾ ਸੰਚਾਰ ਕੇਂਦਰ ਵਿਚ ਸਹਿਯੋਗੀ ਨਿਰਦੇਸ਼ਕ ਲੋਕ ਸੰਪਰਕ ਵਜੋਂ ਕਾਰਜਸ਼ੀਲ ਸਨ।
ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਡਾ ਜੌੜਾ ਨਾਲ ਬੀਤੇ ਪਲਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਤੇ ਨਿਰਮਲ ਜੌੜਾ ਉਦੋਂ ਦੇ ਦੋਸਤ ਹਨ ਜਦੋਂ ਇਸ ਯੂਨੀਵਰਸਿਟੀ ਵਿੱਚ ਵਿਦਿਆਰਥੀ ਵਜੋਂ ਦਾਖਲ ਹੋਏ ਸਨ। ਜੌੜਾ ਜੀ ਬਹੁਤ ਮਿਹਨਤੀ ਅਤੇ ਲਗਨ ਨਾਲ ਕਾਰਜਸ਼ੀਲ ਰਹਿਣ ਵਾਲੇ ਅਧਿਆਪਕ ਅਤੇ ਪਸਾਰ ਕਰਮੀ ਰਹੇ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਸਭਿਆਚਾਰਕ ਸਰਗਰਮੀਆਂ ਨੂੰ ਨਵੀਂ ਉਚਾਈ ਤੇ ਤੇਜ਼ੀ ਪ੍ਰਦਾਨ ਕੀਤੀ।
ਉਨ੍ਹਾਂ ਡਾ ਜੌੜਾ ਦੀ ਨਵੀਂ ਜ਼ਿੰਮੇਵਾਰੀ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਹਰ ਸਹਿਯੋਗ ਦਾ ਭਰੋਸਾ ਪ੍ਰਗਟਾਇਆ। ਟੀਵੀ ਤੇ ਰੇਡੀਓ ਦੇ ਨਿਰਦੇਸ਼ਕ ਡਾ ਅਨਿਲ ਸ਼ਰਮਾ ਨੇ ਨਿਰਮਲ ਜੌੜਾ ਨੂੰ ਬਹੁਤ ਪ੍ਰਤਿਬੱਧ ਨਾਟਕਕਾਰ ਤੇ ਰੰਗਕਰਮੀ ਕਿਹਾ। ਉਨ੍ਹਾਂ ਕਿਹਾ ਕਿ ਜੌੜਾ ਜੀ ਕੋਲ ਯੂਨੀਵਰਸਿਟੀ ਦੀਆਂ ਸਭਿਆਚਾਰਕ ਗਤੀਵਿਧੀਆਂ ਨੂੰ ਨਵੇਂ ਮਿਆਰ ਪ੍ਰਦਾਨ ਕਰਨ ਦੀ ਚੁਣੌਤੀ ਹੈ।
ਨਿਰਮਲ ਜੌੜਾ ਨੇ ਇਸ ਮੌਕੇ ਧਨਵਾਦ ਦੇ ਸ਼ਬਦ ਬੋਲਦਿਆਂ ਹਰ ਪ੍ਰਾਪਤੀ ਦਾ ਸਿਹਰਾ ਪੀ ਏ ਯੂ ਅਤੇ ਸੰਚਾਰ ਕੇਂਦਰ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਇਸ ਕੇਂਦਰ ਦਾ ਹਿੱਸਾ ਬਣੇ ਰਹਿਣਗੇ ਫਿਰ ਚਾਹੇ ਕਿਸੇ ਵੀ ਅਹੁਦੇ ਤੇ ਚਲੇ ਜਾਣ। ਇਸ ਮੌਕੇ ਡਾ ਕੇ ਕੇ ਗਿੱਲ, ਸ਼੍ਰੀ ਵਿਸ਼ਾਲ ਖੁੱਲਰ, ਡਾ ਆਸ਼ੂ ਤੂਰ, ਡਾ ਗੁਲਨੀਤ ਚਾਹਲ ਅਤੇ ਹੋਰ ਕਰਮਚਾਰੀਆਂ ਨੇ ਵੀ ਜੌੜਾ ਜੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ।