ਲੁਧਿਆਣਾ : ਨਗਰ ਨਿਗਮ ਵਲੋਂ ਨਾਜਾਇਜ਼ ਉਸਾਰੀਆਂ ਖਿਲਾਫ ਬੁਲਡੋਜ਼ਰ ਚਲਾਕੇ ਜੋਰਦਾਰ ਕਾਰਵਾਈ ਕੀਤੀ ਗਈ | ਜਾਣਕਾਰੀ ਅਨੁਸਾਰ ਗੈਰ-ਕਾਨੂੰਨੀ ਉਸਾਰੀਆਂ ਖਿਲਾਫ਼ ਸਖਤ ਕਾਰਵਾਈ ਕਰਦੇ ਹੋਏ ਨਗਰ ਨਿਗਮ ਨੇ ਜ਼ੋਨ-ਡੀ ਅਧੀਨ ਆਉਂਦੇ ਖੇਤਰਾਂ ‘ਚ ਗੈਰ-ਕਾਨੂੰਨੀ ਢੰਗ ਨਾਲ ਬਣ ਰਹੀਆਂ ਚਾਰ ਵਪਾਰਕ ਇਮਾਰਤਾਂ ਨੂੰ ਢਾਹ ਦਿੱਤਾ | ਤਿੰਨ ਇਮਾਰਤਾਂ ਮਾਡਲ ਟਾਊਨ ਐਕਸਟੈਨਸ਼ਨ ਵਿਚ ਸਥਿਤ ਸਨ ਤੇ ਇਕ ਮਾਡਲ ਟਾਊਨ ਗੋਲ ਮਾਰਕੀਟ ਵਿਚ ਸਥਿਤ ਸੀ |
ਨਿਗਰਾਨ ਇੰਜੀਨੀਅਰ ਕਮ ਮਿਉਂਸਪਲ ਟਾਊਨ ਪਲਾਨਰ (ਐਮ.ਟੀ.ਪੀ.) ਸੰਜੇ ਕੰਵਰ ਨੇ ਦੱਸਿਆ ਕਿ ਫੀਲਡ ਨਿਰੀਖਣ ਦੌਰਾਨ ਇਹ ਪਾਇਆ ਗਿਆ ਕਿ ਇਮਾਰਤਾਂ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਜਾ ਰਹੀਆਂ ਸਨ | ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵੀਰਵਾਰ ਨੂੰ ਇਮਾਰਤਾਂ ਨੂੰ ਢਾਹੁਣ ਦੀ ਮੁਹਿੰਮ ਚਲਾਈ ਗਈ ਤੇ ਇਮਾਰਤਾਂ ਦੇ ਨਾਜਾਇਜ਼ ਹਿੱਸੇ ਢਾਹ ਦਿੱਤੇ ਗਏ |
ਐਮ.ਟੀ.ਪੀ. ਸੰਜੇ ਕੰਵਰ ਨੇ ਦੱਸਿਆ ਕਿ ਨਾਜਾਇਜ਼ ਉਸਾਰੀਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਵੀ ਇਹ ਮੁਹਿੰਮ ਜਾਰੀ ਰਹੇਗੀ | ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾ ਕੇ ਨਿਯਮਾਂ ਅਨੁਸਾਰ ਇਮਾਰਤਾਂ ਦੀ ਉਸਾਰੀ ਕਰਵਾਈ ਜਾਵੇ, ਨਹੀਂ ਤਾਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |