ਲੁਧਿਆਣਾ : ਲੁਧਿਆਣਾ ਜਿਲ੍ਹੇ ਦੇ ਪ੍ਰਧਾਨ ਡਾ ਚਮਕੌਰ ਸਿੰਘ ਨੇ ਦੱਸਿਆ ਕਿ ਏਡਿਡ ਕਾਲਜਾਂ ਦੇ ਪ੍ਰੋਫੇਸਰਾਂ ਦੀ ਰਿਟਾਇਰਮੇਂਟ 60 ਸਾਲ ਤੋਂ 58 ਸਾਲ ਕਰਨ ਦੇ ਨਾਦਰਸ਼ਾਹੀ ਫਰਮਾਨ ਦੇ ਖ਼ਿਲਾਫ਼ ਇਕ ਮਹੀਨੇ ਤੋਂ ਚੱਲ ਰਹੇ ਸੰਘਰਸ਼ ਦੌਰਾਨ ਅੱਜ ਫਿਰ ਪੰਜਾਬ ਦੇ 136 ਏਡਿਡ ਕਾਲਜਾਂ ਵਿੱਚ ਪ੍ਰੋਫੇਸਰਾਂ ਵਲੋਂ ਤਾਲਾਬੰਦੀ ਕਰਕੇ ਕਾਲਜਾਂ ਦੇ ਗੇਟਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਗਏ।
ਉਹਨਾਂ ਕਿਹਾ ਕਿ ਕਾਲਜ ਪ੍ਰੋਫੇਸਰਾਂ ਤੇ ਬੱਚਿਆਂ ਦੇ ਭਵਿੱਖ ਨੂੰ ਭਗਵੰਤ ਮਾਨ ਦੀ ਅੰਨ੍ਹੀ ਬੋਲੀ ਸਰਕਾਰ ਤਬਾਹ ਕਰਨ ਤੇ ਲੱਗੀ ਹੋਈ ਹੈ, ਤੇ ਸਰਕਾਰ ਦੇ ਮੰਤਰੀ ਸੰਤਰੀ ਅੱਖਾਂ ਤੇ ਪੱਟੀ ਬੰਨ ਕੇ ਪੰਜਾਬ ਦੀ ਉੱਚ ਸਿੱਖਿਆ ਦੀ ਬਰਬਾਦੀ ਵੇਖ ਰਹੇ ਨੇ।
ਜਿਲ੍ਹਾ ਸੈਕਟਰੀ ਡਾ ਸੁੰਦਰ ਸਿੰਘ ਨੇ ਕਿਹਾ ਆਪ ਸਰਕਾਰ ਨੇ ਤਾਂ ਕੈਪਟਨ ਚੰਨੀ ਨੂੰ ਵੀ ਪਿੱਛੇ ਛੱਡ ਦਿੱਤਾ, ਸਰਕਾਰ ਦੇ ਮੰਤਰੀ ਮਿੱਠੀਆਂ ਗੋਲੀਆਂ ਦੇ ਕੇ ਡੰਗ ਟਪਾ ਰਹੇ ਨੇ, ਜੇ ਇਹਨਾਂ ਨੂੰ ਪੰਜਾਬ ਦੀ ਉਚੇਰੀ ਸਿੱਖਿਆ ਦਾ ਫਿਕਰ ਹੁੰਦਾ ਤਾਂ ਹੁਣ ਤੱਕ ਸਾਡੀਆਂ ਸਮਸਿਆਵਾਂ ਦਾ ਹੱਲ ਹੋ ਜਾਂਦਾ।
ਕਾਰਜਕਾਰੀ ਮੈਂਬਰ ਡਾ ਰਮਨ ਸ਼ਰਮਾ ਨੇ ਕਿਹਾ ਕਿ ਆਪ ਸਰਕਾਰ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਪੰਜਾਬ ਦੇ ਏਡਿਡ ਕਾਲਜਾਂ ਨੂੰ ਬਰਬਾਦ ਕਰ ਕੇ ਪੰਜਾਬ ਦੇ ਬੱਚਿਆਂ ਨੂੰ ਮਿਆਰੀ ਤੇ ਸਸਤੀ ਸਿੱਖਿਆ ਤੋਂ ਵਾਂਝੇ ਕਰਨ ਵੱਲ ਲੱਗੀ ਹੋਈ ਹੈ। ਇਹ ਸਰਕਾਰ ਪੰਜਾਬ ਦੀ ਉੱਚ ਸਿੱਖਿਆ ਨੂੰ ਪ੍ਰਾਈਵੇਟ ਅਦਾਰਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ।
ਪ੍ਰੋਫ਼.ਵਰੂਣ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ 44 ਸਾਲ ਪੁਰਾਣੇ ਗ੍ਰਾੰਟ ਇਨ ਏਡ ਐਕਟ ਨੂੰ ਖ਼ਤਮ ਕਰਕੇ ਉਚੇਰੀ ਸਿੱਖਿਆ ਦੀ ਜਿੰਮੇਵਾਰੀ ਤੋਂ ਭੱਜਣਾ ਚਹੁੰਦੀ ਹੈ।ਉਹਨਾਂ ਕਿਹਾ ਕਿ ਸਰਕਾਰੀ ਕਾਲਜਾਂ ਨੂੰ ਸਰਕਾਰਾਂ ਪਹਿਲਾਂ ਹੀ ਤਬਾਹ ਕਰ ਚੁੱਕੀਆਂ ਨੇ ਤੇ ਹੁਣ ਏਡਿਡ ਕਾਲਜਾਂ ਨੂੰ ਵੀ ਖਤਮ ਕਰਨ ਤੇ ਤੁਰੀ ਹੋਈ ਹੈ,
ਕਾਰਜਕਾਰੀ ਮੈਂਬਰ ਡਾ ਰੋਹਿਤ ਨੇ ਕਿਹਾ ਕਿ ਪ੍ਰੋਫੇਸਰਾਂ ਨੂੰ ਬੁਢਾਪੇ ਵਿੱਚ ਰੋਲਣ ਜਾ ਰਹੀ ਹੈ। ਏਡਿਡ ਕਾਲਜਾਂ ਵਿੱਚ ਪੈਨਸ਼ਨ ਦੀ ਵਿਵਸਥਾ ਹੈ ਨਹੀਂ, ਤੇ ਹੁਣ ਸਰਕਾਰ ਜਬਰੀ 2 ਸਾਲ ਪਹਿਲਾਂ ਰਿਟਾਇਰ ਕਰਨ ਲੱਗੀ ਹੈ, ਇਹ ਕਿਥੋਂ ਦਾ ਇਨਸਾਫ ਹੈ।
ਅੰਤ ਵਿੱਚ ਜਿਲ੍ਹਾ ਪ੍ਰਧਾਨ ਡਾ ਚਮਕੌਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਲੋਕਾਂ ਦੀਆਂ ਲਾਸ਼ਾਂ ਤੇ ਰੰਗਲਾ ਪੰਜਾਬ ਬਣਾਉਣ ਨੂੰ ਫਿਰਦੇ ਨੇ। ਇਹਨਾਂ ਤਾਨਾਸ਼ਾਹੀ ਫਰਮਾਨਾਂ ਨੂੰ ਕਾਲਜਾਂ ਦੇ ਪ੍ਰੋਫੇਸਰ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ .
ਅੱਜ ਲੁਧਿਆਣਾ ਦੇ 22 ਏਡਿਡ ਕਾਲਜ ਤਾਲਾਬੰਦੀ ਕਰ ਕੇ ਕਾਲਜਾਂ ਦੇ ਗੇਟਾਂ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਨਗੇ, ਤੇ ਕੱਲ ਨੂੰ ਜਿਲ੍ਹੇ ਦੇ ਸਾਰੇ ਪ੍ਰੋਫੇਸਰ ਲੁਧਿਆਣਾ ਦੀਆਂ ਸੜਕਾਂ ਤੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ।