ਲੁਧਿਆਣਾ : ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਰਕਾਰ -ਕਿਸਾਨ ਮਿਲਣੀ ਮੌਕੇ ਬੋਲਦਿਆਂ ਕਿਹਾ ਕਿ 75 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨਾਂ ਨਾਲ ਮਸ਼ਵਰਾ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਕਿ ਇਸ ਮਿਲਣੀ ਦੇ ਦੋ ਉਦੇਸ਼ ਹਨ | ਪਹਿਲਾ ਰਵਾਇਤੀ ਫਸਲ ਚੱਕਰ ਚੋਂ ਕਿਸਾਨੀ ਨੂੰ ਬਾਹਰ ਕੱਢਣ ਲਈ ਕਿਸਾਨਾਂ ਦੀਆਂ ਰਾਵਾਂ ਅਤੇ ਸੁਝਾਵਾਂ ਨੂੰ ਜਾਨਣਾ ਅਤੇ ਦੂਸਰਾ ਇਹਨਾਂ ਸੁਝਾਵਾਂ ਦੇ ਅਧਾਰ ਤੇ ਪੰਜਾਬ ਦੀ ਨਵੀਂ ਖੇਤੀ ਨੀਤੀ ਨੂੰ ਬਨਾਉਣਾ |
ਖੇਤੀਬਾੜੀ ਮੰਤਰੀ ਨੇ ਪਿਛਲੇ ਸਮੇਂ ਦੌਰਾਨ ਮੌਜੂਦਾ ਸਰਕਾਰ ਵੱਲੋਂ ਖੇਤੀ ਦੀ ਬਿਹਤਰੀ ਲਈ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਦਾ ਵਿਸ਼ੇਸ਼ ਜ਼ਿਕਰ ਕੀਤਾ | ਉਹਨਾਂ ਕਿਹਾ ਕਿ ਫਸਲ ਖਰੀਦ ਦੀ ਫੌਰੀ ਅਤੇ ਪਾਰਦਰਸ਼ੀ ਨੀਤੀ ਬਣਾਈ ਗਈ ਹੈ | ਸਰਕਾਰ ਨੇ ਗੰਨੇ ਦਾ ਬਕਾਇਆ ਕਿਸਾਨਾਂ ਨੂੰ ਅਦਾ ਕਰ ਦਿੱਤਾ ਹੈ ਅਤੇ ਨਾਲ ਗੰਨੇ ਦੀ ਕੀਮਤ ਵਿੱਚ ਵਾਧਾ ਕੀਤਾ ਹੈ | ਕੋਸ਼ਿਸ਼ ਹੈ ਕਿ ਗੰਨੇ ਦੀ ਬਿਜਾਈ ਹੇਠ ਰਕਬੇ ਵਿੱਚ ਵਾਧਾ ਕਰਕੇ ਫਸਲੀ ਚੱਕਰ ਦਾ ਢੁੱਕਵਾਂ ਬਦਲ ਉਸਾਰਿਆ ਜਾ ਸਕੇ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੀ.ਏ.ਯੂ. ਦੇ ਵਿਹੜੇ ਇਹ ਨਿਵੇਕਲੀ ਮਿਲਣੀ ਹੋ ਰਹੀ ਹੈ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਕਿਸਾਨ, ਸਰਕਾਰੀ ਅਧਿਕਾਰੀ ਅਤੇ ਖੇਤੀ ਮਾਹਿਰ ਇੱਕ-ਦੂਜੇ ਦੇ ਨਾਲ ਸਿਰ ਜੋੜ ਕੇ ਮਸ਼ਵਰਾ ਕਰ ਰਹੇ ਹਨ | ਵਾਈਸ ਚਾਂਸਲਰ ਨੇ ਪੀ.ਏ.ਯੂ. ਅਤੇ ਕਿਸਾਨਾਂ ਦੇ ਅਟੁੱਟ ਰਿਸ਼ਤੇ ਦੀ ਗੱਲ ਕਰਦਿਆਂ 1967 ਤੋਂ ਲੱਗਦੇ ਆ ਰਹੇ ਕਿਸਾਨ ਮੇਲਿਆਂ ਦਾ ਜ਼ਿਕਰ ਕੀਤਾ |
ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਨੇ ਗੈਰ ਭੂਮੀ ਯੋਗ ਕਿਸਾਨਾਂ ਨੂੰ ਪ੍ਰੇਰਿਤ ਕਰਕੇ 300 ਤੋਂ ਵਧੇਰੇ ਖੇਤੀ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਵਾਏ ਹਨ | ਨਾਲ ਹੀ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 826 ਅਤੇ ਝੋਨੇ ਦੀ ਕਿਸਮ ਪੀ ਆਰ 126 ਸਮੇਤ ਆਲੂਆਂ ਦੀਆਂ ਦੋ ਕਿਸਮਾਂ ਦਾ ਜ਼ਿਕਰ ਵੀ ਕੀਤਾ ਜੋ ਵਾਤਾਵਰਨ ਪੱਖੀ ਖੇਤੀ ਲਈ ਲਾਭਦਾਇਕ ਸਿੱਧ ਹੋਣਗੀਆਂ | ਵਾਈਸ ਚਾਂਸਲਰ ਨੇ ਕਿਸਾਨਾਂ ਤੱਕ ਖੇਤੀ ਜਾਣਕਾਰੀ ਪਹੁੰਚਾਉਣ ਲਈ ਯੂਨੀਵਰਸਿਟੀ ਵੱਲੋਂ ਅਪਣਾਏ ਜਾ ਰਹੇ ਡਿਜ਼ੀਟਲ ਮੀਡੀਆ ਮਾਧਿਅਮਾਂ ਦਾ ਵਿਸ਼ੇਸ਼ ਜ਼ਿਕਰ ਕੀਤਾ |
ਇਸ ਮੌਕੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਨੇ ਜੰਗਲਾਤ ਵਿਭਾਗ ਦੀ ਲੱਕੜ ਖ੍ਰੀਦਣ ਵੇਚਣ ਲਈ ਬਣਾਈ ਐਪ ਈ-ਟਿੰਬਰ ਦਾ ਲੋਗੋ ਲੋਕ ਅਰਪਿਤ ਕੀਤਾ | ਨਾਲ ਹੀ ਉਹਨਾਂ ਨੇ ਪਨਸੀਡ ਦੀ ਸਬਜ਼ੀ ਬੀਜਾਂ ਦੀ ਕਿੱਟ ਵੀ ਜਾਰੀ ਕੀਤੀ | ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਚਿੰਨਾਂ ਨਾਲ ਨਿਵਾਜ਼ਿਆ ਗਿਆ | ਮੰਚ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕੀਤਾ|