ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਅਤੇ ਕਾਲਜ ਆਫ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਗਡਵਾਸੂ, ਲੁਧਿਆਣਾ ਦੁਆਰਾ ਸਾਂਝੇ ਤੌਰ ’ਤੇ ਡੇਅਰੀ ਖੇਤਰ ਵਿੱਚ ਔਰਤਾਂ ਲਈ ਦੁੱਧ ਅਤੇ ਦੁੱਧ ਉਤਪਾਦਾਂ ਦੇ ਮੁੱਲ ਵਾਧੇ ਬਾਰੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ| ਇਹ ਸਿਖਲਾਈ ਪ੍ਰੋਗਰਾਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੈਣੀ ਬੜਿੰਗਾਂ ਵਿੱਚ ਹੋਇਆ |

ਪੀ.ਏ.ਯੂ. ਦੇ ਡਾ. ਰੀਤੂ ਮਿੱਤਲ ਗੁਪਤਾ, ਡਾ: ਪ੍ਰੀਤੀ ਸਰਮਾ ਅਤੇ ਗਡਵਾਸੂ ਦੇ ਡਾ. ਅੰਜੂ ਬੂਰਾ ਖਟਕਰ ਨੇ ਇਸ ਸਿਖਲਾਈ ਪ੍ਰੋਗਰਾਮ ਦੀ ਵਿਉਂਤਬੰਦੀ ਕੀਤੀ | ਇਸ ਵਿੱਚ ਪਿੰਡ ਭੈਣੀ ਬੜਿੰਗਾਂ ਦੀਆਂ 30 ਕਿਸਾਨ ਬੀਬੀਆਂ ਨੇ ਡੇਅਰੀ ਬਾਰੇ ਸਿਖਲਾਈ ਹਾਸਲ ਕੀਤੀ | ਡਾ. ਰਿਤੂ ਮਿੱਤਲ ਗੁਪਤਾ ਨੇ ਡੇਅਰੀ ਖੇਤਰ ਵਿੱਚ ਪੇਂਡੂ ਔਰਤਾਂ ਲਈ ਉੱਦਮ ਦੀ ਮਹੱਤਤਾ ਬਾਰੇ ਚਰਚਾ ਕਰਦੇ ਹੋਏ ਪ੍ਰੋਸੈਸਿੰਗ ਰਾਹੀਂ ਮੁੱਲ ਜੋੜਨ ਦੇ ਆਰਥਿਕ ਲਾਭਾਂ ਬਾਰੇ ਚਰਚਾ ਕੀਤੀ|

ਡਾ. ਪ੍ਰੀਤੀ ਸਰਮਾ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਦੁੱਧ ਅਤੇ ਦੁੱਧ ਉਤਪਾਦਾਂ ਦੇ ਮੁੱਲ ਵਾਧੇ ਦੇ ਸਿਧਾਂਤਕ ਪਹਿਲੂ ਸਿਖਾਏ ਗਏ ਅਤੇ ਪਨੀਰ, ਖੋਆ, ਮੋਜਰੇਲਾ ਪਨੀਰ, ਵ੍ਹੀ ਡਰਿੰਕ, ਫਲੇਵਰਡ ਦੁੱਧ ਆਦਿ ਬਾਰੇ ਜਾਣੂ ਕਰਵਾਇਆ ਗਿਆ| ਡਾ. ਅੰਜੂ ਬੀ. ਖਟਕਰ ਨੇ ਕਿਹਾ ਕਿ ਉੱਦਮੀ ਪਹਿਲੂਆਂ ’ਤੇ ਵਿਚਾਰ-ਵਟਾਂਦਰੇ ਦੌਰਾਨ, ਮਸੀਨਰੀ, ਐੱਫ.ਐੱਸ.ਐੱਸ.ਏ.ਆਈ. ਦੇ ਨਿਯਮਾਂ, ਪੈਕੇਜਿੰਗ ਸਮੱਗਰੀ, ਮਾਰਕੀਟਿੰਗ ਰਣਨੀਤੀਆਂ ਅਤੇ ਕਰਜ਼ਿਆਂ ਲਈ ਬੈਂਕ ਸਕੀਮਾਂ ਸਮੇਤ ਦੁੱਧ ਪ੍ਰੋਸੈਸਿੰਗ ਉਦਯੋਗ ਸੁਰੂ ਕਰਨ ਲਈ ਲੋੜਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ|

ਸਮਾਪਤੀ ’ਤੇ ਦੁੱਧ ਉਤਪਾਦ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਗਏ| ਸਿਖਿਆਰਥੀਆਂ ਨੇ ਪਨੀਰ, ਮਸਾਲਾ ਪਨੀਰ, ਵੇਅ ਡਰਿੰਕ, ਫਲੇਵਰਡ ਲੱਸੀ ਆਦਿ ਤਿਆਰ ਕੀਤੇ| ਜੇਤੂਆਂ ਨੂੰ ਇਨਾਮ ਦਿੱਤੇ ਗਏ| ਅੰਤ ਵਿੱਚ, ਸਮਾਪਤੀ ਸੈਸਨ ਵਿੱਚ, ਸਿਖਿਆਰਥੀਆਂ ਨੂੰ ਇੱਕ ਉੱਦਮ ਸੁਰੂ ਕਰਨ ਲਈ ਦੁੱਧ ਪ੍ਰੋਸੈਸਿੰਗ ਕਿੱਟਾਂ ਦੀ ਸਹੂਲਤ ਦਿੱਤੀ ਗਈ ਅਤੇ ਭਾਗੀਦਾਰੀ ਸਰਟੀਫਿਕੇਟ ਵੰਡੇ ਗਏ|