ਲੁਧਿਆਣਾ : ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਵਿਸਵ ਵੈੱਟਲੈਂਡਜ ਦਿਵਸ ਮਨਾਉਣ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ| ਸੇਮ ਵਾਲੀ ਧਰਤੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਵਿਸਵ ਵੈਟਲੈਂਡਜ ਦਿਵਸ ਮਨਾਇਆ ਜਾਂਦਾ ਹੈ| ਇਹ ਦਿਨ ਸੇਮ ਵਾਲੀ ਧਰਤੀ ਬਾਰੇ 1971 ਵਿੱਚ ਹੋਈ ਇੱਕ ਕਨਵੈਨਸਨ ਦੀ ਵਰ੍ਹੇਗੰਢ ਨੂੰ ਸਮਰਪਿਤ ਹੈ, ਜਿਸ ਨੂੰ 1971 ਵਿੱਚ ਇੱਕ ਅੰਤਰਰਾਸਟਰੀ ਸੰਧੀ ਵਜੋਂ ਅਪਣਾਇਆ ਗਿਆ ਸੀ|
ਇਹ ਸੈਮੀਨਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਾਡੀ ਧਰਤੀ ਅਤੇ ਇਸ ਦੀਆਂ ਨਸਲਾਂ ਦੀ ਭਲਾਈ ਲਈ ਸੇਮ ਵਾਲੀ ਧਰਤੀ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਕਰਵਾਇਆ ਗਿਆ ਸੀ| ਇਸ ਮੌਕੇ ਡਾ. ਸਮਨਪ੍ਰੀਤ ਕੌਰ ਨੇ ਫੈਕਲਟੀ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਿਸਵ ਵੈਟਲੈਂਡਜ ਦਿਵਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ|
ਵਿਭਾਗ ਦੇ ਮੁਖੀ ਡਾ. ਰਾਕੇਸ ਸਾਰਦਾ ਨੇ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਲਈ 2 ਫਰਵਰੀ ਨੂੰ ਚੁਣਿਆ ਗਿਆ ਕਿਉਂਕਿ ਇਹ 1971 ਵਿੱਚ ਇਰਾਨ ਦੇ ਰਾਮਸਰ ਵਿੱਚ ਵੈੱਟਲੈਂਡਜ ਬਾਰੇ ਕਨਵੈਨਸਨ ਨੂੰ ਅਪਣਾਉਣ ਦੀ ਨਿਸਾਨਦੇਹੀ ਕਰਦਾ ਹੈ| ਉਹਨਾਂ ਨੇ ਜੈਵ ਵਿਭਿੰਨਤਾ ਦੀ ਸੰਭਾਲ ਅਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਵਿੱਚ ਵੈਟਲੈਂਡ ਦੀਆਂ ਵੱਖ-ਵੱਖ ਭੂਮਿਕਾਵਾਂ ਨੂੰ ਵੀ ਉਜਾਗਰ ਕੀਤਾ ਅਤੇ ਇਹ ਵੀ ਦੱਸਿਆ ਕਿ ਕਿਵੇਂ ਸੰਯੁਕਤ ਰਾਸ਼ਟਰ ਇਸ ਬਾਰੇ ਉਦੇਸ਼ਪੂਰਨ ਢੰਗ ਨਾਲ ਸਥਾਈ ਵਿਕਾਸ ਨੂੰ ਉਤਸ਼ਾਹ ਦੇ ਰਿਹਾ ਹੈ |