ਲੁਧਿਆਣਾ : ਹਲਕਾ ਆਤਮ ਨਗਰ ਦੇ ਵਸਨੀਕ ਜਿੱਥੇ ਮੋਬਾਇਲ ਵੈਨ, ਮੋਬਾਇਲ ਕਲੀਨਿਕ ਦਾ ਲਾਭ ਲੈ ਰਹੇ ਹਨ, ਹੁਣ ਆਮ ਆਦਮੀ ਕਲੀਨਿਕ ਦੀਆਂ ਸੇਵਾਵਾਂ ਵੀ ਪ੍ਰਾਪਤ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਅਤੇ ਸੀ.ਐਮ.ਓ. ਹਰਿੰਦਰ ਕੌਰ ਦੇ ਨਾਲ ਆਮ ਆਦਮੀ ਕਲੀਨਿਕ ਦੀ ਸ਼ੁਰੂਅਤ ਕਰਨ ਮੌਕੇ ਕੀਤਾ ਗਿਆ।
ਵਿਧਾਇਕ ਸਿੱਧੂ ਅਤੇ ਡਿਪਟੀ ਕਮਿਸ਼ਨਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਨ੍ਹਾਂ ਅਤਿ-ਆਧੁਨਿਕ ਕਲੀਨਿਕਾਂ ਰਾਹੀ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਇਹ ਇੱਕ ਇਤਿਹਾਸਕ ਫੈਸਲਾ ਹੈ ਜਿੱਥੇ ਮਰੀਜ਼ਾਂ ਲਈ ਕੁੱਲ 85 ਕਿਸਮਾਂ ਦੀਆਂ ਦਵਾਈਆਂ ਅਤੇ 41 ਵੱਖ-ਵੱਖ ਕਿਸਮਾਂ ਦੇ ਖੂਨ ਅਤੇ ਪਿਸ਼ਾਬ ਦੇ ਟੈਸਟ ਮੁਫਤ ਕੀਤੇ ਜਾ ਰਹੇ ਹਨ।
ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅੱਜ 34 ਹੋਰ ਆਮ ਆਦਮੀ ਕਲੀਨਿਕ ਜ਼ਿਲ੍ਹਾ ਲੁਧਿਆਣਾ ਦੇ ਲੋਕਾਂ ਨੂੰ ਸਮਰਪਿਤ ਕੀਤੇ ਗਏ, ਜਿਸ ਨਾਲ ਜ਼ਿਲ੍ਹੇ ਵਿੱਚ ਕੁੱਲ ਇਨ੍ਹਾਂ ਕਲੀਨਿਕਾਂ ਦੀ ਗਿਣਤੀ 43 ਹੋ ਗਈ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਚੋਣਾਂ ਦੌਰਾਨ ਹਲਕਾ ਆਤਮ ਨਗਰ ਦੇ ਵਸਨੀਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।