ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਆਪਣੇ ਸਮੇਂ ਵੱਖ ਵੱਖ ਖੇਤਰਾਂ ਵਿੱਚ ਮੋਹਰੀ ਰਹੇ ਚਾਰ ਸਾਬਕਾ ਵਿਦਿਆਰਥੀਆਂ ਨੇ ਅੱਜ ਯੂਨੀਵਰਸਿਟੀ ਦਾ ਦੌਰਾ ਕੀਤਾ | ਇਸ ਮੌਕੇ ਪੰਜਾਬੀ ਫਿਲਮਾਂ ਦੇ ਮੰਨੇ ਪ੍ਰਮੰਨੇ ਹਾਸਰਸ ਕਲਾਕਾਰ ਡਾ. ਜਸਵਿੰਦਰ ਭੱਲਾ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਮੌਜੂਦਾ ਵਿਦਿਆਰਥੀਆਂ ਨੂੰ ਸਹਿ ਵਿਦਿਅਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਆ |
ਡਾ ਜਸਵਿੰਦਰ ਭੱਲਾ ਨੇ ਕਿਹਾ ਸਭਿਅਚਾਰਕ ਗਤੀਵਿਧੀਆਂ ਵਿਦਿਆਰਥੀਆਂ ਦੀ ਸੰਚਾਰ ਸਮਰੱਥਾ ਨੂੰ ਹੁਲਾਰਾ ਦਿੰਦੀਆਂ ਹਨ| ਅਮਰੀਕਾ ਵਸਦੇ ਸਾਬਕਾ ਵਿਦਿਆਰਥੀ ਡਾ ਸਵਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਸ਼ਵ ਦੇ ਹਰ ਖੇਤਰ ਵਿੱਚ ਸੰਚਾਰ ਸਮਰੱਥਾ ਵਾਲੇ ਗੁਣਾਂ ਦੀ ਕਦਰ ਪੈਂਦੀ ਹੈ | ਉਹਨਾ ਕਿਹਾ ਕਿ ਇਨਸਾਨ ਦਾ ਆਪਣਾ ਵਿਹਾਰ ਹੀ ਉਸਦੇ ਕੰਮਕਾਜ ਵਿੱਚ ਕਾਮਯਾਬੀ ਦੀ ਪਹਿਲੀ ਪੌੜੀ ਬਣਦਾ ਹੈ |
ਅਮਰੀਕਾ ਵਿੱਚ ਸੰਚਾਰ ਮਾਹਰ ਵਜੋਂ ਸਥਾਪਤ ਡਾ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਕੋਲ ਜਿੰਨੀ ਮਰਜ਼ੀ ਜਾਣਕਾਰੀ ਹੋਵੇ ਜੇਕਰ ਉਸਨੂੰ ਸਹੀ ਤਰੀਕੇ ਨਾਲ ਦੂਜਿਆਂ ਸਾਹਮਣੇ ਪੇਸ਼ ਨਹੀਂ ਕਰ ਸਕਦੇ ਤਾਂ ਉਸਦਾ ਕੋਈ ਲਾਭ ਨਹੀਂ ਹੋ ਸਕਦਾ | ਉਘੇ ਪਸਾਰ ਸਿੱਖਿਆ ਸ਼ਾਸਤਰੀ ਡਾ ਸੁਰਿੰਦਰ ਕੌਰ ਸੈਣੀ ਨੇ ਕਿਹਾ ਕਿ ਸਹਿ ਵਿਦਿਅਕ ਗਤੀਵਿਧੀਆਂ ਨਾਲ ਜੁੜੇ ਵਿਦਿਆਰਥੀ ਆਪਣੇ ਅਧਿਆਪਕ ਦੇ ਵਿਚਾਰਾਂ ਨੂੰ ਫੁਰਤੀ ਨਾਲ ਪਕੜਨ ਦੇ ਸਮਰੱਥ ਹੁੰਦੇ ਹੁੰਦੇ ਹਨ|
ਇਹਨਾ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਕਿਹਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਪੜੇ ਵਿਦਿਆਰਥੀ ਇਸ ਵੇਲੇ ਵਿਸ਼ਵ ਪੱਧਰ ਤੇ ਵੱਖ ਵੱਖ ਖੇਤਰਾਂ ਵਿੱਚ ਕਾਮਯਾਬੀ ਨਾਲ ਸੇਵਾਵਾਂ ਦੇ ਰਹੇ ਹਨ ਅਤੇ ਰੂਹ ਤੋਂ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ|