ਸਰਦੀ ਦਾ ਮੌਸਮ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ। ਇਸ ਮੌਸਮ ’ਚ ਲੋਕ ਜ਼ਿਆਦਾਤਰ ਵਾਇਰਲ ਇਨਫੈਕਸ਼ਨ ਨਾਲ ਬਿਮਾਰ ਰਹਿੰਦੇ ਹਨ। ਇਸ ਮੌਸਮ ’ਚ ਜ਼ੁਕਾਮ, ਖਾਂਸੀ ਦੀ ਸਮੱਸਿਆ ਆਮ ਹੈ। ਕਮਜਜ਼ਰ ਇਮਿਊਨ ਸਿਸਟਮ ਕਾਰਨ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਸਰਦੀਆਂ ਤੋਂ ਬਚਣ ਲਈ ਗਰਮ ਕੱਪੜੇ ਪਹਿਨਣ ਦੇ ਨਾਲ-ਨਾਲ ਡਾਈਟ ’ਚ ਕੁਝ ਚੀਜ਼ਾਂ ਨੂੰ ਸ਼ਾਮਿਲ ਕਰ ਕੇ ਸਿਹਤਮੰਦ ਰਹਿ ਸਕਦੇ ਹੋ। ਇਸ ਮੌਸਮ ’ਚ ਸੁੱਕੇ ਮੇਵਿਆਂ ਦਾ ਸੇਵਨ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ’ਚ ਗਰਮੀ ਬਣੀ ਰਹਿੰਦੀ ਹੈ, ਜਿਸ ਨਾਲ ਤੁਸੀਂ ਮੌਸਮੀ ਬਿਮਾਰੀਆਂ ਤੋਂ ਬਚ ਸਕਦੇ ਹੋ।
ਬਦਾਮ : ਬਦਾਮ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਕੱਚੇ ਬਦਾਮ ਨਾਲੋਂ ਭਿੱਜੇ ਹੋਏ ਬਦਾਮ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਭਿੱਜੇ ਹੋਏ ਬਦਾਮ ਪਾਚਨ ਤੰਤਰ ਲਈ ਬਿਹਤਰ ਹੁੰਦੇ ਹਨ। ਇਹ ਦਿਮਾਗ ਦੀ ਸਿਹਤ ਲਈ ਵੀ ਫਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਹ ਨਿਯਮਿਤ ਰੂਪ ਨਾਲ ਭਿੱਜੇ ਹੋਏ ਬਦਾਮ ਦਾ ਸੇਵਨ ਕਰ ਸਕਦੇ ਹਨ।
ਅਖਰੋਟ : ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ ਨੂੰ ਭਿਉਂ ਕੇ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਇਸ ’ਚ ਪੋਟਾਸ਼ੀਅਮ, ਜ਼ਿੰਕ, ਕੈਲਸ਼ੀਅਮ ਜ਼ਿਆਦਾ ਮਾਤਰਾ ’ਚ ਪਾਇਆ ਜਾਂਦਾ ਹੈ। ਇਹ ਮੈਟਾਬੋਲਿਜ਼ਮ ਨੂੰ ਬੂਸਟ ਕਰਨ ਵਿਚ ਮਦਦ ਕਰਦਾ ਹੈ, ਨਾਲ ਹੀ ਇਹ ਵਜ਼ਨ ਕੰਟਰੋਲ ’ਚ ਕਰਨ ਵਿਚ ਵੀ ਮਦਦਗਾਰ ਹੁੰਦਾ ਹੈ। ਤੁਸੀਂ ਰੋਜ਼ਾਨਾ 2-4 ਭਿੱਜੇ ਹੋਏ ਅਖਰੋਟਾਂ ਦਾ ਸੇਵਨ ਕਰ ਸਕਦੇ ਹੋ।
ਪਿਸਤਾ : ਪਿਸਤਾ ਦਾ ਸੁਆਦ ਹਰ ਕੋਈ ਪਸੰਦ ਕਰਦਾ ਹੈ। ਇਸ ’ਚ ਫਾਈਬਰ, ਕਾਰਬੋਹਾਈਡ੍ਰੇਟਸ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਭਿੱਜੇ ਹੋਏ ਪਿਸਤੇ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਸੌਗੀ : ਭਿੱਜੀ ਹੋਈ ਸੌਗੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ। ਸਵੇਰੇ ਖਾਲੀ ਪੇਟ ਇਸ ਨੂੰ ਖਾਣ ਨਾਲ ਤੁਸੀਂ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ। ਇਸ ’ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ।