ਲੁਧਿਆਣਾ : ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿੱਚ ਖੋਜ ਅਤੇ ਪਸਾਰ ਮਾਹਿਰਾਂ ਦੀ ਗੋਸ਼ਟੀ ਸ਼ੁਰੂ ਹੋਈ । ਬਾਗਬਾਨੀ ਫਸਲਾਂ ਲਈ ਕਰਵਾਈ ਜਾ ਰਹੀ ਇਸ ਗੋਸ਼ਟੀ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ ਜਦਕਿ ਵਿਸ਼ੇਸ਼ ਮਹਿਮਾਨ ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਸ਼੍ਰੀਮਤੀ ਸ਼ੈਂਲੇਦਰ ਕੌਰ ਆਈ ਐੱਫ ਐੱਸ ਸਨ । ਇਸ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਅਗਾਂਹਵਧੂ ਕਿਸਾਨ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਅਮਰਜੀਤ ਸਿੰਘ ਬਰਾੜ ਵੀ ਸ਼ਾਮਿਲ ਹੋਏ ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਗੁਜ਼ਰ ਜਾਣ ਤੋਂ ਬਾਅਦ ਇਹ ਗੋਸ਼ਟੀ ਹੋ ਰਹੀ ਹੈ । ਉਹਨਾਂ ਕਿਹਾ ਕਿ ਇਸ ਗੋਸ਼ਟੀ ਵਿੱਚ ਪੀ.ਏ.ਯੂ. ਦੇ ਖੋਜੀਆਂ ਅਤੇ ਬਾਗਬਾਨੀ ਵਿਭਾਗ ਦੇ ਪਸਾਰ ਮਾਹਿਰਾਂ ਦੀ ਮਿਲਣੀ ਦੀ ਖਾਸ ਮਹੱਤਤਾ ਹੈ । ਪੀ.ਏ.ਯੂ.ਆਪਣੀ ਖੋਜ ਵਿੱਚ ਜਿਹੜੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਪੌਦ ਸੁਰੱਖਿਆ ਤਕਨੀਕਾਂ ਦੇ ਨਾਲ-ਨਾਲ ਤੁੜਾਈ ਉਪਰੰਤ ਪ੍ਰਬੰਧਨ ਦੇ ਨੁਕਤਿਆਂ ਦੀ ਖੋਜ ਕਰਦੀ ਹੈ ਉਸਨੂੰ ਪਸਾਰ ਲਈ ਮਾਹਿਰਾਂ ਨਾਲ ਸਾਂਝਾ ਕੀਤਾ ਜਾਂਦਾ ਹੈ ।
ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਸ਼੍ਰੀਮਤੀ ਸ਼ੈਂਲੇਦਰ ਕੌਰ ਨੇ ਇਸ ਵਰਕਸ਼ਾਪ ਦੇ ਆਯੋਜਨ ਲਈ ਪੀ.ਏ.ਯੂ. ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਵਰਕਸ਼ਾਪ ਦਾ ਮੰਤਵ ਬਾਗਬਾਨੀ ਖੇਤਰ ਵਿੱਚ ਨਵੇਂ ਦਿਸਹੱਦਿਆਂ ਦੀ ਤਲਾਸ਼ ਹੋਣਾ ਚਾਹੀਦਾ ਹੈ । ਨਿਰਦੇਸ਼ਕ ਬਾਗਬਾਨੀ ਵਿਭਾਗ ਨੇ ਕਿਹਾ ਕਿ ਵਾਤਾਵਰਨੀ ਸੰਕਟਾਂ ਸਾਹਮਣੇ ਬਦਲਵਾਂ ਖੇਤੀ ਮਾਡਲ ਉਸਾਰਨ ਦੀ ਚੁਣੌਤੀ ਖੜੀ ਹੈ ਇਸਲਈ ਕਿਸਾਨੀ ਦੀ ਭਲਾਈ ਹਿਤ ਪੀ.ਏ.ਯੂ. ਅਤੇ ਬਾਗਬਾਨੀ ਵਿਭਾਗ ਦੀ ਸਾਂਝ ਬੜੀ ਜ਼ਰੂਰੀ ਹੈ ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਯੂਨੀਵਰਸਿਟੀ ਵੱਲੋਂ ਬਾਗਬਾਨੀ ਦੇ ਖੇਤਰ ਵਿੱਚ ਕੀਤੀਆਂ ਨਵੀਆਂ ਖੋਜਾਂ ਦੀਆਂ ਸਿਫਾਰਸ਼ਾਂ ਦਾ ਜ਼ਿਕਰ ਕੀਤਾ । ਉਹਨਾਂ ਨੇ ਨਵੀਆਂ ਕਿਸਮਾਂ ਵਿੱਚ ਸੇਬ ਦੀਆਂ ਦੋ ਕਿਸਮਾਂ, ਮਾਲਟੇ ਦੇ ਨਵੀਂ ਕਿਸਮ ਅਤੇ ਡ੍ਰੈਗਨ ਫਰੂਟ ਦੀਆਂ ਦੋ ਕਿਸਮਾਂ ਦਾ ਜ਼ਿਕਰ ਕੀਤਾ । ਸਬਜ਼ੀਆਂ ਵਿੱਚ ਆਲੂਆਂ ਦੀ ਦੋ, ਧਨੀਏ ਦੀ ਇੱਕ, ਗੁਆਰ ਫਲੀਆਂ, ਤਰਵੰਗਾ, ਬੈਂਗਣ ਅਤੇ ਭਿੰਡੀ ਦੀਆਂ ਇੱਕ-ਇੱਕ ਕਿਸਮਾਂ ਦਾ ਜ਼ਿਕਰ ਵੀ ਨਿਰਦੇਸ਼ਕ ਖੋਜ ਨੇ ਕੀਤਾ ।