ਸਮਰਾਲਾ/ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਅੱਜ ਸਮਰਾਲਾ ਦੇ ਨੇੜਲੇ ਪਿੰਡ ਉਟਾਲਾਂ ਦਾ ਦੌਰਾ ਕਰਦਿਆਂ, ਮਨਰੇਗਾ ਸਕੀਮ ਅਧੀਨ ਪਿੰਡ ਦੇ ਛੱਪੜ ਦੇ ਸੁੰਦਰੀਕਰਨ ਸਬੰਧੀ ਚੱਲ ਰਹੇ ਕਾਰਜ਼ਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ, ਜ਼ਿਲ੍ਹਾ ਨੋਡਲ ਅਫ਼ਸਰ ਮਨਰੇਗਾ ਸੋਨੀਆ ਸ਼ਰਮਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਨੇ ਦੱਸਿਆ ਕਿ ਪਿੰਡ ਉਟਾਲਾਂ ਦੇ ਛੱਪੜ ਦਾ ਸੀਂਚੇਵਾਲ ਮਾਡਲ ਤਹਿਤ ਸੁੰਦਰੀਕਰਨ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਛੱਪੜ ਦੇ ਨਵੀਨੀਕਰਨ ਲਈ 15ਵੇਂ ਵਿੱਤ ਕਮਿਸ਼ਨ, ਮਨਰੇਗਾ ਅਤੇ ਪੰਚਾਇਤ ਫੰਡ ਵਿੱਚੋਂ ਖਰਚਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਲੋਕਾਂ ਵਲੋਂ ਇੱਥੇ ਕੂੜਾ ਕਰਕਟ ਸੁੱਟਿਆ ਜਾਂਦਾ ਸੀ ਅਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ।
ਉਨ੍ਹਾਂ ਦੱਸਿਆ ਕਿ ਕੂੜੇ ਵਾਲੀ ਜਗ੍ਹਾ ਪੱਧਰੀ ਕਰਕੇ ਉੱਥੇ ਬੱਚਿਆਂ ਲਈ ਝੂਲੇ ਲਗਾਏ ਗਏ ਹਨ, ਓਪਨ ਜਿੰਮ ਤੋਂ ਇਲਾਵਾ ਫੂਟਪਾਥ ਬਣਾਏ ਗਏ ਹਨ ਜਿੱਥੇ ਔਰਤਾਂ ਵਲੋਂ ਸਵੇਰੇ ਸ਼ਾਮ ਸੈਰ ਕੀਤੀ ਜਾਂਦੀ ਹੈ। ਛੱਪੜ ਦਾ ਪਾਣੀ ਹੁਣ ਬਿਲਕੁਲ ਸਾਫ ਸੁੱਥਰਾ ਹੈ ਜਿਸ ਨੂੰ ਸਿੰਚਾਈ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਪਿੰਡ ਦੇ ਵਿਕਾਸ ਕਾਰਜ਼ਾਂ ਸਬੰਧੀ ਸਰਪੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।