ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਲੋਹੜੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਦੀ ਪ੍ਰਬੰਧਕੀ ਕਮੇਟੀ ਦੁਆਰਾ ਲੋਹੜੀ ਦੀ ਪਵਿੱਤਰ ਅਗਨੀ ਵਿਚ ਤਿਲਚੌਲੀ, ਮੂੰਗਫਲੀਆਂ, ਖਿੱਲਾਂ, ਰਿਉੜੀਆਂ ਅਤੇ ਚਿੜਵੜੇ ਭੇਂਟ ਕੀਤੇ ਗਏ। ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਲੋਹੜੀ ਦੀ ਪਵਿੱਤਰ ਅਗਨੀ ਦੀ ਪ੍ਰਕਰਮਾ ਵੀ ਕੀਤੀ। ਬੱਚਿਆਂ ਦੁਆਰਾ ਰੰਗਾਰੰਗ ਪੰਜਾਬੀ ਲੋਕ ਨਾਚ ਵੀ ਪੇਸ਼ ਕੀਤਾ ਗਿਆ।
ਇਸ ਦੌਰਾਨ ਕਿੰਡਰਗਾਰਟਨ ਤੋਂ ਸੱਤਵੀਂ ਤੱਕ ਦੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਵਿਚ ਵੀ ਲੋਹੜੀ ਦਾ ਉਤਸ਼ਾਹ ਵੇਖਣਯੋਗ ਸੀ। ਇਸ ਦੌਰਾਨ ਬੱਚਿਆਂ ਨੇ ਸੁੰਦਰ ਸਲੋਗਨਾਂ ਨੂੰ ਲਿਖ ਕੇ ਸਮਾਜ ਨੂੰ ਚਾਈਨਾ ਡੋਰ ਦਾ ਪ੍ਰਯੋਗ ਨਾ ਕਰਨ ਲਈ ਪੁਰਜ਼ੋਰ ਅਪੀਲ ਵੀ ਕੀਤੀ। ਸਕੂਲ ਦੇ ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ।
ਬੱਚਿਆਂ ਨੂੰ ਚਾਈਨਾ ਡੋਰ ਤੋਂ ਹੋਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਸਦਾ ਪ੍ਰਯੋਗ ਨਾ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਹੜੀ ਬਾਰੇ ਲੋਕ ਕਹਾਵਤ ਈਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ ਮਨੁੱਖੀ ਜੀਵਨ ਤੇ ਪੂਰੀ ਤਰ੍ਹਾਂ ਢੁਕਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੀ ਆਪਣੇ ਅੰਦਰ ਜੋਸ਼, ਮਿਹਨਤ ਕਰਨ ਦੇ ਜਜ਼ਬੇ ਅਤੇ ਸਹੀ ਦ੍ਰਿਸ਼ਟੀਕੋਣ ਨੂੰ ਬਰਕਰਾਰ ਰੱਖਦੇ ਹੋਏ ਆਲਸ ਅਤੇ ਦਲਿੱਦਰ ਨੂੰ ਆਪਣੇ ਆਪ ਤੋਂ ਕੋਹਾਂ ਦੂਰ ਰੱਖਣਾ ਚਾਹੀਦਾ ਹੈ।
ਡਾਇਰੈਕਟਰਜ਼ ਸ੍ਰੀ ਮਨਦੀਪ ਸਿੰਘ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਭਵਿੱਖ ਵਿੱਚ ਵੀ ਖ਼ੂਬ ਮਿਹਨਤ ਕਰਦੇ ਹੋਏ ਆਪਣੇ ਮਿੱਥੇ ਗਏ ਟੀਚਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜਿੱਥੇ ਅਸੀਂ ਮੁੰਡਿਆਂ ਦੀ ਲੋਹੜੀ ਮਨਾਉਂਦੇ ਹਾਂ ਉਥੇ ਨਾਲ ਹੀਧੀਆਂ ਦੀ ਲੋਹੜੀ ਵੀ ਮਨਾ ਕੇ ਸਮਾਜ ਦੀ ਰੂੜੀਵਾਦੀ ਸੋਚ ਨੂੰ ਦੂਰ ਕਰਨਾ ਹੈ।