ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਕਿਸਾਨ ਕਲੱਬ (ਲੇਡਿਜ ਵਿੰਗ) ਦਾ ਇੱਕ ਰੋਜਾ ਮਹੀਨਾਵਾਰ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ| ਇਸ ਮੌਕੇ ਤੇ ਕਿਸਾਨ ਕਲੱਬ (ਲੇਡਿਜ ਵਿੰਗ) ਦੇ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ 42 ਕਿਸਾਨ ਬੀਬੀਆਂ ਨੇ ਭਾਗ ਲਿਆ| ਉਹਨਾਂ ਨੇ ਪੇਂਡੂ ਸੁਆਣੀਆਂ ਨੂੰ ਆਤਮ-ਨਿਰਭਰ ਬਨਣ ਲਈ ਖੇਤੀ ਸਹਾਇਕ ਧੰਦਿਆਂ ਨੂੰ ਮੁੱਖ ਕਿੱਤੇ ਵਜੋਂਅਪਨਾਉਣ ਅਤੇ ਚੰਗਾ ਮੁਨਾਫਾ ਕਮਾਉਣ ਉੱਪਰ ਜੋਰ ਦਿੱਤਾ|
ਇਸ ਮੌਕੇ ਤੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਮਾਹਿਰ ਡਾ. ਕਿਰਨ ਗਰੋਵਰ ਨੇ ਅਨਾਜ, ਦਾਲਾਂ ਅਤੇ ਤੇਲ ਬੀਜਾਂ ਦੀ ਖੁਰਾਕੀ ਮਹਤੱਤਾ ਬਾਰੇ ਜਾਣੂੰ ਕਰਵਾਇਆ| ਉਹਨਾਂ ਨੇ ਦਾਲਾਂ ਤੋਂ ਵੜੇ, ਤਿੱਲ ਅਤੇ ਮੂੰਗਫਲੀ ਦੇ ਲੱਡੂ ਤਿਆਰ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ| ਪੀ.ਏ.ਯੂ. ਕਿਸਾਨ ਕਲੱਬ ਦੀ ਮੈਂਬਰ ਸ਼੍ਰੀਮਤੀ ਮਨਜੀਤ ਕੌਰ ਨੇ ਅਲਸੀ ਦੀਆਂ ਪਿੰਨੀਆਂ ਤਿਆਰ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ|
ਇਸ ਮੌਕੇ ਤੇ ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੰਤਵ ਕਿਸਾਨ ਬੀਬੀਆਂ ਨੂੰ ਆਮਦਨ ਵਧਾਉਣ ਦੇ ਵਸੀਲਿਆਂ ਬਾਰੇ ਅਤੇ ਆਪਣੇ ਪਰਿਵਾਰ ਦੀ ਸਿਹਤ-ਸੰਭਾਲ ਲਈ ਜਾਣਕਾਰੀ ਸਾਂਝੀ ਕਰਨਾ ਹੈ| ਅੰਤ ਵਿੱਚ ਸ਼੍ਰੀਮਤੀ ਜਗਵਿੰਦਰ ਕੌਰ ਪੂਨੀਆਂ, ਪ੍ਰਧਾਨ, ਕਿਸਾਨ ਕਲੱਬ (ਲੇਡਿਜ ਵਿੰਗ) ਨੇ ਸਾਰੀਆਂ ਕਿਸਾਨ ਬੀਬੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਿਖਲਾਈ ਕੈਂਪ ਕਿਸਾਨ ਬੀਬੀਆਂ ਲਈ ਗਿਆਨਵਰਧਕ ਸਿੱਧ ਹੋਵੇਗਾ|