ਲੁਧਿਆਣਾ : ਇਥੇ ਬਾਸਕਟਬਾਲ ਕੋਰਟ, ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੀ ਗਈ 73ਵੀਂ ਜੂਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਲੁਧਿਆਣਾ ਬਾਸਕਟਬਾਲ ਅਕਾਦਮੀ ਨੇ ਆਪਣੀ ਸਰਦਾਰੀ ਬਰਕਰਾਰ ਰੱਖਦਿਆਂ ਲੜਕੇ ਅਤੇ ਲੜਕੀਆਂ ਦੇ ਦੋਵੇਂ ਖ਼ਿਤਾਬ ਆਪਣੇ ਨਾਮ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਲੁਧਿਆਣਾ ਪੁਲਿਸ ਦੇ ਜੁਆਇੰਟ ਕਮਿਸ਼ਨਰ ਸ੍ਰ ਰਵਚਰਨ ਸਿੰਘ ਬਰਾੜ ਨੇ ਇਨਾਮਾਂ ਦੀ ਵੰਡ ਕੀਤੀ।
ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੜਕਿਆਂ ਦੇ ਵਰਗ ਵਿੱਚ ਲੁਧਿਆਣਾ ਬਾਸਕਟਬਾਲ ਅਕਾਦਮੀ ਦੀ ਟੀਮ ਨੇ ਜ਼ਿਲ੍ਹਾ ਲੁਧਿਆਣਾ ਦੀ ਟੀਮ ਨੂੰ 65-49 ਅੰਕਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਜਦਕਿ ਪਟਿਆਲਾ ਨੇ ਹੁਸ਼ਿਆਰਪੁਰ ਨੂੰ 62-55 ਅੰਕਾਂ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
ਲੜਕੀਆਂ ਦੇ ਵਰਗ ਵਿੱਚ ਲੁਧਿਆਣਾ ਬਾਸਕਟਬਾਲ ਅਕਾਦਮੀ ਦੀ ਟੀਮ ਨੇ ਪਟਿਆਲਾ ਨੂੰ 34-17 ਅੰਕਾਂ ਨਾਲ ਹਰਾਇਆ ਅਤੇ ਖ਼ਿਤਾਬ ਆਪਣੇ ਨਾਮ ਰੱਖਿਆ। ਜ਼ਿਲ੍ਹਾ ਲੁਧਿਆਣਾ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸ੍ਰ ਗੁਰਜੀਤ ਸਿੰਘ ਰੋਮਾਣਾ ਸਾਬਕਾ ਪੁਲਿਸ ਅਧਿਕਾਰੀ, ਸ੍ਰ ਜੇ ਪੀ ਸਿੰਘ ਸਾਬਕਾ ਅਧਿਕਾਰੀ, ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਡੀ ਪੀ ਆਰ ਓ, ਸ੍ਰ ਬਲਵਿੰਦਰ ਸਿੰਘ ਲਾਇਲਪੁਰੀ, ਸ਼੍ਰੀ ਵਿਨੋਦ ਚੋਪੜਾ, ਸੀਨੀਅਰ ਕੋਚ ਰਾਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।