ਲੁਧਿਆਣਾ : ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਹੋਇਆ ਜਿਸ ਵਿੱਚ ਟਿੱਬਾ ਰੋਡ ਤੋਂ ਤਾਜ਼ਪੁਰ ਰੋਡ ਵਾਲੇ ਕੱਟ ਅਤੇ ਸੜ੍ਹਕੀ ਆਵਾਜਾਈ ਸਬੰਧੀ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ, ਏ.ਸੀ.ਪੀ. ਟ੍ਰੈਫਿਕ ਸ੍ਰੀ ਸਮੀਰ ਵਰਮਾ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਵਿਧਾਇਕ ਭੋਲਾ ਗਰੇਵਾਲ ਵਲੋਂ ਟਿੱਬਾ ਰੋਡ ਤੋਂ ਤਾਜ਼ਪੁਰ ਰੋਡ ਵਾਲੇ ਕੱਟ ਸਬੰਧੀ ਵੀ ਗੱਲਬਾਤ ਕੀਤੀ ਅਤੇ ਇਸ ਪ੍ਰੋਜੈਕਟ ਦੇ ਕੰਮ ‘ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ 20 ਜਨਵਰੀ ਤੱਕ ਇਹ ਆਮ ਲੋਕਾਂ ਲਈ ਸਮਰਪਿਤ ਕਰ ਦਿੱਤਾ ਜਾਵੇਗਾ ਤਾਂ ਜੋ ਹਲਕੇ ਦੇ ਵਸਨੀਕਾਂ ਨੂੰ ਆਵਾਜਾਈ ਲਈ ਆ ਰਹੀਆਂ ਔਕੜਾਂ ਤੋਂ ਨਿਜਾਤ ਦਿਵਾਈ ਜਾ ਸਕੇ।
ਵਿਧਾਇਕ ਭੋਲਾ ਗਰੇਵਾਲ ਵਲੋਂ ਬਸਤੀ ਜੋਧੇਵਾਲ ਚੋਂਕ ਵਿਖੇ ਲੱਗਦੇ ਭਾਰੀ ਜਾਮ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਸੁੰਦਰ ਨਗਰ ਇਲਾਕੇ ਵਾਲੇ ਪਾਸੇ ਆਵਾਜਾਈ ਲਈ ਇੱਕ ਮਿੰਨੀ ਫਲਾਈਓਵਰ ਸਥਾਪਤ ਕੀਤਾ ਜਾਵੇਗਾ ਜਿਸ ਨਾਲ ਟ੍ਰੈਫਿਕ ਜਾਮ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਕੈਲਾਸ਼ ਨਗਰ ਅਤੇ ਕਾਲੀ ਸੜ੍ਹਕ ਦੇ ਫਲਾਈਓਵਰ ਦੇ ਪ੍ਰਸਤਾਵ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਿਸ ਨਾਲ ਟ੍ਰੈਫਿਕ ਡਾਈਵਰਟ ਹੋ ਜਾਵੇਗੀ।