ਲੁਧਿਆਣਾ : ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ 2022-23 ਬੀਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਗਿਆ| ਇਸ ਵਿੱਚ ਪੰਜਾਬ ਰਾਜ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਭਾਗ ਲਿਆ| ਇਹ ਤਿੰਨ ਰੋਜ਼ਾ ਯੁਵਕ ਮੇਲਾ ਨਿਰਦੇਸ਼ਕ ਵਿਦਿਆਰਥੀ ਭਲਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਗਵਾਈ ਵਿੱਚ ਨੇਪਰੇ ਚੜਿਆ |
ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਇਸ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਪੀਏਯੂ ਦੇ ਵਿਦਿਆਰਥੀਆਂ ਨੇ ਨਾਚ, ਸੰਗੀਤ, ਥੀਏਟਰ, ਸਾਹਿਤਕ, ਲਲਿਤ ਕਲਾ ਅਤੇ ਵਿਰਾਸਤੀ ਸ੍ਰੇਣੀਆਂ ਨਾਲ ਸਬੰਧਤ ਕੁੱਲ 34 ਈਵੈਂਟਾਂ ਵਿੱਚ ਭਾਗ ਲਿਆ| ਉਹਨਾਂ ਦੱਸਿਆ ਕਿ ਪੀਏਯੂ ਦੇ ਵਿਦਿਆਰਥੀਆਂ ਨੇ ਪੀਹੜੀ ਬੁਣਨ ਅਤੇ ਨਾਲਾ ਬੁਣਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ | ਲੰਮੀ ਹੇਕ ਵਾਲੇ ਗੀਤ, ਛਿੱਕੂ ਬੁਣਨ, ਮਿੱਟੀ ਦੇ ਖਿਡੌਣੇ ਬਨਾਉਣ ਵਿੱਚ ਪੀ.ਏ.ਯੂ. ਦੇ ਵਿਦਿਆਰਥੀ ਦੂਜੇ ਸਥਾਨ ਤੇ ਰਹੇ |
ਗਿੱਧਾ, ਪੱਖੀ ਬੁਣਨ, ਫੁਲਕਾਰੀ ਕੱਢਣ, ਈਨੂੰ ਬੁਣਨ ਅਤੇ ਗਰੁੱਪ ਲੋਕ ਗੀਤ ਤੋਂ ਇਲਾਵਾ ਭੰਡ ਅਤੇ ਇੰਸਟਾਲੇਸਨ ਇਵੈਂਟਸ ਵਿੱਚ ਤੀਸਰੇ ਸਥਾਨ ਯੂਨੀਵਰਸਿਟੀ ਦੀ ਝੋਲੀ ਪਏ |ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੀ.ਏ.ਯੂ. ਦੇ ਵਿਦਿਆਰਥੀਆਂ ਅਤੇ ਉਹਨਾਂ ਨੂੰ ਮਿਹਨਤ ਕਰਾਉਣ ਵਾਲੇ ਵੱਖ-ਵੱਖ ਟੀਮ ਇੰਚਾਰਜ਼ਾਂ, ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਇਸ ਪ੍ਰਦਰਸ਼ਨ ਲਈ ਵਧਾਈ ਦਿੱਤੀ |