ਲੁਧਿਆਣਾ : ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਵਲੋਂ ਬੁੱਢਾ ਦਰਿਆ ਦੇ ਨਾਲ ਗ੍ਰੀਨ ਪਦਯਾਤਰਾ ਦੇ ਦੂਜੇ ਪੜਾਅ ਤਹਿਤ ਪੈਦਲ ਯਾਤਰਾ ਕੱਢੀ ਗਈ, ਬੁੱਢਾ ਦਰਿਆ ਦੇ ਨਾਲ-ਨਾਲ ‘ਪੈਦਲ ਯਾਤਰਾ’ ਦੇ ਦੂਜੇ ਗੇੜ ਤਹਿਤ ਬੁੱਢਾ ਦਰਿਆ ‘ਤੇ ਸਥਿਤ ਕਰੋੜ ਪਿੰਡ ਦੇ ਪੁਲ ਤੋਂ ਬੁੱਢਾ ਦਰਿਆ ‘ਤੇ ਲੱਖੋਵਾਲ ਪਿੰਡ ਤੱਕ ਕੀਤਾ ਗਿਆ | ਪੈਦਲ ਯਾਤਰਾ ਦਾ ਉਦੇਸ਼ ਬੁੱਢਾ ਦਰਿਆ ਨੂੰ ਸਮਝਣਾ, ਪ੍ਰਦੂਸ਼ਣ ਬਿੰਦੂਆਂ ਤੇ ਬੁੱਢਾ ਦਰਿਆ ਨੂੰ ਬਚਾਉਣ ਅਤੇ ਅੰਤ ਵਿਚ ਸਤਲੁਜ ਪੰਜਾਬ ਦੇ ਲੋਕਾਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਸੰਭਾਵਿਤ ਹੱਲ ਵਿਕਸਿਤ ਕਰਨਾ ਸੀ |
ਪਦਯਾਤਰਾ ਦੀ ਅਗਵਾਈ ਬਿ੍ਗੇਡੀਅਰ ਡਾ. ਇੰਦਰ ਮੋਹਨ ਸਿੰਘ ਅਤੇ ਮੱਤੇਵਾੜਾ ਜੰਗਲ ਦੀ ਪੀ.ਏ.ਸੀ. ਦੇ ਮੈਂਬਰ ਤੇ ਪੰਜਾਬ ਦੇ ਉੱਘੇ ਵਾਤਾਵਰਨ ਪ੍ਰੇਮੀ ਕਰਨਲ ਚੰਦਰ ਮੋਹਨ ਲਖਨਪਾਲ ਵਲੋਂ ਕੀਤੀ ਗਈ | ਟੀਮ ਨੇ ਕਰੋੜ ਪਿੰਡ ਦੇ ਪੁਲ ਤੋਂ ਲੱਖੋਵਾਲ ਪਿੰਡ ਦੇ ਪੁਲ ਤੱਕ 3.5 ਕਿੱਲੋਮੀਟਰ ਦਾ ਲੰਬਾ ਹਿੱਸਾ ਕਵਰ ਕੀਤਾ | ਲੱਖੋਵਾਲ ਦੇ ਨੇੜੇ ਤਾਲੀ ਅਤੇ ਹੋਰ ਦੇਸੀ ਰੁੱਖਾਂ ਵਾਲੇ ਪੌਦੇ ਵਰਗੇ ਸ਼ਲਾਘਾਯੋਗ ਜੰਗਲ ਪਾਏ ਗਏ | ਹਾਲਾਂਕਿ ਪਹਿਲੇ 3 ਕਿੱਲੋਮੀਟਰ ਦੇ ਹਿੱਸੇ ਵਿਚ ਨਾ ਮਾਤਰ ਬੂਟੇ ਪਾਏ ਗਏ ਸਨ |
ਬੁੱਢਾ ਦਰਿਆ ਦੇ ਕਿਨਾਰਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਉਥੇ ਜ਼ਿਆਦਾਤਰ ਜ਼ਮੀਨਾਂ ਕਿਸਾਨਾਂ ਦੁਆਰਾ ਕਬਜ਼ੇ ਵਿਚ ਪਾਈਆਂ ਗਈਆਂ | ਕਰੋੜ ਪੁੱਲ ਅਤੇ ਲੱਖੋਵਾਲ ਪੁੱਲ ਵਿਚਕਾਰ ਵੱਡੇ-ਵੱਡੇ ਬੂਟੇ ਲਾਉਣ ਦੀ ਗੁੰਜਾਇਸ਼ ਹੈ | ਬੁੱਢਾ ਦਰਿਆ ਦੇ ਨਾਲ ਬਹੁਤ ਸਾਰੇ ਦੇਸੀ ਦਰਖ਼ਤ ਉੱਗੇ ਹਨ ਪਰ ਸਥਾਨਕ ਲੋਕ ਇਸ ਨੂੰ ਕੱਟ ਰਹੇ ਹਨ | ਇਸ ਨੂੰ ਸਰਕਾਰ ਵਲੋਂ ਰੋਕਿਆ ਜਾਣਾ ਚਾਹੀਦਾ ਹੈ | ਦਰਿਆ ਵਿਚ ਵੱਧ ਪਾਣੀ ਵਹਿਣ ਨਾਲ ਧਾਰਾ ਸਾਫ਼ ਪਾਈ ਗਈ | ਅਜਿਹਾ ਜਾਪਦਾ ਹੈ ਕਿ ਨੀਲੋਂ ਨਹਿਰ ਵਿਚੋਂ ਹੋਰ ਤਾਜ਼ਾ ਪਾਣੀ ਛੱਡਿਆ ਜਾ ਰਿਹਾ ਹੈ |
ਟੀਮ ਦੇ ਮੈਂਬਰ ਬਿ੍ਗੇਡੀਅਰ ਇੰਦਰਮੋਹਨ ਸਿੰਘ, ਡਾ. ਵੀ.ਪੀ. ਮਿਸ਼ਰਾ, ਗੁਰਪ੍ਰੀਤ ਸਿੰਘ ਪਲਾਹਾ, ਸੁਭਾਸ਼ ਚੰਦਰ, ਦਾਨਬੀਰ ਸਿੰਘ, ਜੀ.ਐਸ. ਬੱਤਰਾ, ਮਹਿੰਦਰ ਸਿੰਘ ਸੇਖੋਂ, ਮੋਹਿਤ ਸਾਗਰ, ਐਡਵੋਕੇਟ ਐਸ.ਆਰ.ਐਸ. ਅਰੋੜਾ, ਵਿਜੇ ਕੁਮਾਰ ਅਤੇ ਕਰਨਲ ਸੀ.ਐਮ ਲਖਨਪਾਲ ਨੇ ਕਿਹਾ ਕਿ ਪਦਯਾਤਰਾ ਦੇ ਤੀਜੇ ਪੜਾਅ ਦੀ ਸ਼ੁਰੂਆਤ ਅਗਲੇ ਐਤਵਾਰ 4 ਦਸੰਬਰ ਨੂੰ ਸਵੇਰੇ 10.00 ਵਜੇ ਲੱਖੋਵਾਲ ਪੁਲ ਤੋਂ ਸ਼ੁਰੂ ਹੋਵੇਗਾ |