ਲੁਧਿਆਣਾ : ਪੰਜਾਬ ਵਿਚ ਇਸ ਵੇਲੇ ਚੱਲ ਰਹੇ ਨਸ਼ਿਆਂ ਦੇ ਦੌਰ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ, ਪਰ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ।
ਇਹ ਵਿਚਾਰ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਡਾ. ਕੋਟਨਿਸ ਐਕਿਉਪੰਕਚਰ ਹਸਪਤਾਲ, ਸਲੇਮ ਟਾਬਰੀ ਵਿਚ ਕੌਮੀ ਪੱਧਰ ‘ਤੇ ਜੇਤੂ ਰਹੀਆਂ ਰੌਕਬਾਲ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ।
ਡਾ. ਇੰਦਰਜੀਤ ਸਿੰਘ ਮੁੱਖ ਪ੍ਰਬੰਧਕ ਦੀ ਅਗਵਾਈ ਹੇਠ ਡਾਕਟਰ ਕੋਟਨਿਸ ਹਸਪਤਾਲ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕਰਵਾਏ ਗਏ, ਛੋਟੇ ਜਿਹੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੁਲਿਸ ਕਮਿਸ਼ਨਰ ਸ. ਸਿੱਧੂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਕੋਟਨਿਸ ਹਸਪਤਾਲ ਵਿਚ ਚੱਲ ਰਹੇ ਐਕਿਉਪੰਕਚਰ ਇਲਾਜ ਦੀ ਸ਼ਲਾਘਾ ਕਰਦੇ ਕਿਹਾ ਕੀ ਇਸ ਇਲਾਜ ਨੂੰ ਭਾਰਤ ਵਿੱਚ ਵੱਧ ਤੋਂ ਵੱਧ ਪ੍ਰਫੁੱਲਤ ਕਰਨ ਦੀ ਲੋੜ ਹੈ।
ਇਸ ਮੌਕੇ ਸਮਾਗਮ ਵਿੱਚ ਹਸਪਤਾਲ ਦੇ ਸਕੱਤਰ ਇਕਬਾਲ ਸਿੰਘ ਗਿੱਲ ਸਾਬਕਾ ਆਈ ਏ ਐਸ ਅਧਿਕਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆ ਵਿੱਚ ਕਈ ਛੋਟੇ-ਛੋਟੇ ਅਜਿਹੇ ਦੇਸ਼ ਹਨ ਜਿਹੜੇ ਕਿ ਓਲੰਪਿਕ ਖੇਡਾਂ ਵਿਚ ਵੱਡੀਆਂ ਮੱਲਾਂ ਮਾਰ ਲੈਂਦੇ ਹਨ ਪਰ ਦੁਨੀਆ ਵਿਚ ਇਕ ਵਿਸ਼ਾਲ ਦੇਸ਼ ਦੇ ਤੌਰ ‘ਤੇ ਜਾਣੇ ਜਾਂਦੇ ਭਾਰਤ ਦੇ ਖਿਡਾਰੀ ਪਛੜ ਜਾਂਦੇ ਹਨ, ਇਸ ਲਈ ਖੇਡਾਂ ਵਿੱਚ ਵਿਸ਼ਵ ਪੱਧਰ ‘ਤੇ ਵਿਸ਼ੇਸ਼ ਥਾਂ ਬਣਾਉਣ ਲਈ ਜਿਥੇ ਖਿਡਾਰੀਆਂ ਨੂੰ ਨਿੱਕੀ ਉਮਰੇ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਲੋੜ ਹੈ ਉੱਥੇ ਹੀ ਖੇਡਾਂ ਦੀਆਂ ਆਧੁਨਿਕ ਤਕਨੀਕਾਂ ਵੀ ਮੁਹੱਈਆ ਕਰਨ ਦੀ ਲੋੜ ਹੈ।
ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਜ਼ੋਰ ਦਿੱਤਾ। ਇਸ ਮੌਕੇ ਤੇ ਡਾਕਟਰ ਕੋਟਨੀਸ ਹਸਪਤਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਕ ਸਾਲ ਲਈ ਮੁਫ਼ਤ ਐਕਿਉਪੰਕਚਰ ਇਲਾਜ ਦੇਣ ਦਾ ਫੈਸਲਾ ਵੀ ਕੀਤਾ ਗਿਆ।
ਇਸ ਮੌਕੇ ਯੂਥ ਆਗੂ ਅਮਨ ਬੱਗਾ, ਗਗਨਦੀਪ ਕੁਮਾਰ (ਸੀ. ਪੀ.ਐਲ. ਆਈ. ਕੋਆਰਡੀਨੇਟਰ ), ਡਾ. ਰਘਬੀਰ ਸਿੰਘ, ਡਾ. ਰਿਤਿਕ ਚਾਵਲਾ, ਮਨੀਸ਼ਾ, ੳਪਿੰਦਰ ਸਿੰਘ ਅਤੇ ਅਮਰਨਾਥ ਆਦਿ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ।