ਲੁਧਿਆਣਾ : ਪੀ.ਏ.ਯੂ. ਦੇ ਭੂਮੀ ਵਿਗਿਆਨੀ ਡਾ. ਐੱਸ.ਐੱਸ. ਧਾਲੀਵਾਲ ਨੂੰ ਉਹਨਾਂ ਵੱਲੋਂ ਸੂਖਮ ਪੋਸ਼ਕ ਤੱਤਾਂ ਦੇ ਖੇਤਰ ਵਿੱਚ ਕੀਤੇ ਕਾਰਜ ਲਈ ਡਾ. ਜੇ.ਐੱਸ.ਪੀ ਯਾਦਵ ਯਾਦਗਾਰੀ ਰਾਸ਼ਟਰੀ ਪੁਰਸਕਾਰ 2022 ਨਾਲ ਸਨਮਾਨਿਤ ਕੀਤਾ ਗਿਆ ਹੈ| ਇਹ ਸਨਮਾਨ ਡਾ. ਧਾਲੀਵਾਲ ਨੂੰ ਬੀਤੇ ਦਿਨੀਂ ਮਹਾਤਮਾ ਫੁਲੇ ਕ੍ਰਿਸੀ ਵਿਦਿਆਪੀਠ, ਰਾਹੂਰੀ, ਮਹਾਰਾਸ਼ਟਰ ਵਿੱਚ ਆਯੋਜਿਤ ਇੰਡੀਅਨ ਸੋਸਾਇਟੀ ਆਫ ਸੋਇਲ ਸਾਇੰਸ ਦੇ 86ਵੇਂ ਸਲਾਨਾ ਸੰਮੇਲਨ ਦੌਰਾਨ ਆਈ ਸੀ ਏ ਆਰ ਦੇ ਉੱਪ ਨਿਰਦੇਸ਼ਕ ਜਨਰਲ ਡਾ. ਐੱਸ ਕੇ ਚੌਧਰੀ ਵੱਲੋਂ ਪ੍ਰਦਾਨ ਕੀਤਾ ਗਿਆ |
ਡਾ. ਐੱਸ.ਐੱਸ. ਧਾਲੀਵਾਲ ਕੋਲ ਸਾਂਝੇ ਕਾਰਜਾਂ ਦੁਆਰਾ ਖੇਤੀ ਦੀ ਬਿਹਤਰੀ ਲਈ ਕਾਰਜ ਕਰਨ ਦੇ ਨਾਲ-ਨਾਲ ਸੂਖਮ ਪੋਸ਼ਕ ਤੱਤਾਂ ਬਾਰੇ ਪ੍ਰੋਜੈਕਟ ਅਤੇ ਭੂਮੀ ਪਰਖ ਪ੍ਰੋਜੈਕਟ ਵਿੱਚ ਕਾਰਜ ਕਰਨ ਦਾ ਵਿਸ਼ਾਲ ਤਜਰਬਾ ਹੈ | ਇਸ ਤੋਂ ਪਹਿਲਾਂ ਉਹਨਾਂ ਨੇ ਵੱਖ-ਵੱਖ ਜ਼ਿੰਮੇਵਾਰੀਆਂ ਤਹਿਤ ਤਿੰਨ ਪ੍ਰੋਜੈਕਟਾਂ ਵਿੱਚ ਸੇਵਾ ਨਿਭਾਈ | ਇਹ ਪ੍ਰੋਜੈਕਟ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਸਨ ਜਿਨ•ਾਂ ਵਿੱਚ ਮਾਰੂ ਖੇਤੀ, ਚਾਰਿਆਂ ਅਤੇ ਫਸਲੀ ਚੱਕਰ ਬਾਰੇ ਖੋਜ ਹੋਈ |
ਪੀਏਯੂ ਦੇ ਵਾਈਸ-ਚਾਂਸਲਰ, ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਵਧੀਕ ਨਿਰਦੇਸ਼ਕ ਖੋਜ ਡਾ. ਪੀ.ਐੱਸ. ਪੰਨੂੰ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਆਰ.ਕੇ. ਗੁਪਤਾ ਨੇ ਡਾ. ਧਾਲੀਵਾਲ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਦੇ ਯਤਨਾਂ ਲਈ ਸਫਲਤਾ ਦੀ ਕਾਮਨਾ ਕੀਤੀ|