ਸਰਦੀ ਆਉਂਦੇ ਹੀ ਚਿਹਰੇ ਤੋਂ ਨੂਰ ਗਾਇਬ ਹੋ ਜਾਂਦਾ ਹੈ ਅਤੇ ਗੁਲਾਬੀ ਬੁੱਲ੍ਹ ਵੀ ਫਟ ਜਾਂਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਰਦੀਆਂ ‘ਚ ਖੁਸ਼ਕ ਹਵਾਵਾਂ ਚਲਦੀਆਂ ਹਨ, ਜਿਸ ਨਾਲ ਚਿਹਰੇ ਅਤੇ ਬੁੱਲ੍ਹਾਂ ਦੀ ਨਮੀ ਖਤਮ ਹੋ ਜਾਂਦੀ ਹੈ। ਇਸ ਨਾਲ ਨਾ ਸਿਰਫ਼ ਚਿਹਰੇ ਦੀ ਖ਼ੂਬਸੂਰਤੀ ਖ਼ਰਾਬ ਹੁੰਦੀ ਹੈ ਸਗੋਂ ਬੁੱਲ੍ਹਾਂ ਤੋਂ ਖ਼ੂਨ ਨਿਕਲਣ ਨਾਲ ਦਰਦ ਵੀ ਬਹੁਤ ਹੁੰਦਾ ਹੈ। ਜੇਕਰ ਤੁਹਾਨੂੰ ਵੀ ਸਰਦੀਆਂ ‘ਚ ਬੁੱਲ੍ਹ ਫਟੇ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਪਣਾਓ ਇਹ ਘਰੇਲੂ ਨੁਸਖੇ।
ਹਲਦੀ ਦੀ ਕਰੋ ਵਰਤੋਂ : ਜੇਕਰ ਤੁਹਾਡੇ ਬੁੱਲ੍ਹ ਇੰਨੇ ਫਟ ਰਹੇ ਹਨ ਕਿ ਉਨ੍ਹਾਂ ‘ਚੋਂ ਖੂਨ ਆਉਣਾ ਸ਼ੁਰੂ ਹੋ ਗਿਆ ਹੈ ਤਾਂ ਇਕ ਚੌਥਾਈ ਚੱਮਚ ਦੁੱਧ ‘ਚ 2 ਚੁਟਕੀ ਹਲਦੀ ਮਿਲਾ ਕੇ ਬੁੱਲ੍ਹਾਂ ‘ਤੇ ਲਗਾਓ। ਹਰ ਰਾਤ ਸੌਣ ਤੋਂ ਪਹਿਲਾਂ ਅਜਿਹਾ ਕਰੋ। ਜੇਕਰ ਤੁਸੀਂ ਕੱਚੀ ਹਲਦੀ ਨੂੰ ਪੀਸ ਕੇ ਇਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਹੋਰ ਵੀ ਜਲਦੀ ਆਰਾਮ ਮਿਲੇਗਾ।
ਨਾਰੀਅਲ ਦਾ ਤੇਲ: ਨਾਰੀਅਲ ਦੇ ਤੇਲ ਨੂੰ ਫਟੇ ਹੋਏ ਬੁੱਲ੍ਹਾਂ ‘ਤੇ ਲਗਾਉਣ ਨਾਲ ਵੀ ਫਾਇਦਾ ਹੁੰਦਾ ਹੈ। ਤੁਸੀਂ ਦਿਨ ‘ਚ ਦੋ ਤੋਂ ਤਿੰਨ ਵਾਰ ਆਪਣੇ ਬੁੱਲ੍ਹਾਂ ਉੱਤੇ ਨਾਰੀਅਲ ਤੇਲ ਲਗਾ ਸਕਦੇ ਹੋ। ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਬੁੱਲ੍ਹਾਂ ‘ਤੇ ਕਰੋ। ਇਸ ਨਾਲ ਸਕਿਨ ਨਰਮ ਹੋਵੇਗੀ ਅਤੇ ਬੁੱਲ੍ਹਾਂ ਦੇ ਦਰਦ ਤੋਂ ਵੀ ਰਾਹਤ ਮਿਲੇਗੀ।
ਗੁਲਾਬ ਜਲ ਅਤੇ ਗਲਿਸਰੀਨ : ਗੁਲਾਬ ਜਲ ਅਤੇ ਗਲਿਸਰੀਨ ਫਟੇ ਹੋਏ ਬੁੱਲ੍ਹਾਂ ਨੂੰ ਠੀਕ ਕਰਨ ‘ਚ ਬਹੁਤ ਕਾਰਗਰ ਸਾਬਤ ਹੁੰਦੇ ਹਨ। ਸੌਣ ਤੋਂ ਪਹਿਲਾਂ ਦੋਹਾਂ ਚੀਜ਼ਾਂ ਨੂੰ ਬਰਾਬਰ ਮਾਤਰਾ ‘ਚ ਮਿਲਾ ਕੇ ਫਟੇ ਹੋਏ ਬੁੱਲ੍ਹਾਂ ‘ਤੇ ਲਗਾਓ ਇਸ ਨਾਲ ਜਲਦੀ ਆਰਾਮ ਮਿਲੇਗਾ।
ਸ਼ਹਿਦ ਅਤੇ ਖੰਡ ਰਗੜੋ : ਦੋ ਚੁਟਕੀ ਖੰਡ ‘ਚ ਦੋ ਬੂੰਦਾਂ ਸ਼ਹਿਦ ਮਿਲਾ ਕੇ ਬੁੱਲ੍ਹਾਂ ‘ਤੇ ਸਕਰਬ ਦੇ ਤੌਰ ‘ਤੇ ਇਸਤੇਮਾਲ ਕਰੋ। ਇਸ ਨਾਲ ਬੁੱਲ੍ਹਾਂ ਦੀ ਡੈੱਡ ਸਕਿਨ ਨਿਕਲ ਜਾਵੇਗੀ ਅਤੇ ਬੁੱਲ੍ਹ ਨਰਮ ਹੋ ਜਾਣਗੇ।
ਦੇਸੀ ਘਿਓ : ਉਂਗਲੀ ‘ਚ ਥੋੜ੍ਹਾ ਜਿਹਾ ਦੇਸੀ ਘਿਓ ਲੈ ਕੇ ਨਰਮ ਹੱਥਾਂ ਨਾਲ ਬੁੱਲ੍ਹਾਂ ‘ਤੇ ਮਾਲਿਸ਼ ਕਰੋ। ਇਸ ਨਾਲ ਬੁੱਲ੍ਹਾਂ ‘ਚ ਬਲੱਡ ਸਰਕੂਲੇਸ਼ਨ ਵਧੇਗਾ ਅਤੇ ਫਟੇ ਹੋਏ ਬੁੱਲ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ।