ਲੁਧਿਆਣਾ : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਫਾਇਰ ਬ੍ਰਿਗੇਡ ਦੇ ਆਧੁਨਿਕ ਉਪਕਰਨਾਂ ਅਤੇ ਵਿਕਾਸ ਕਾਰਜਾਂ ‘ਤੇ ਲਗਭਗ 9.02 ਕਰੋੜ ਰੁਪਏ ਖਰਚ ਕੀਤੇ ਜਾਣਗੇ। ਨਿੱਜਰ ਨੇ ਦੱਸਿਆ ਕਿ ਨਗਰ ਨਿਗ ਵੱਲੋਂ ਅੱਗ ਬੁਝਾਊ ਅਤੇ ਬਚਾਅ ਕਾਰਜਾਂ ਲਈ 50 ਮੀਟਰ ਤੋਂ ਵੱਧ ਉਚਾਈ ਵਾਲਾ ਹਾਈਡ੍ਰੌਲਿਕ ਪਲੇਟਫਾਰਮ ਮੁਹੱਈਆ ਕਰਵਾਉਣ ਲਈ ਕਰੀਬ 8.57 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਸ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਵੱਲੋਂ ਸੀਵਰੇਜ ਨਿਰੀਖਣ ਕੈਮਰੇ ਅਤੇ ਰੂਟ ਚੇਨ ਕਟਰ ਦੀ ਖਰੀਦ ਸਮੇਤ ਜੇ.ਸੀ.ਬੀ ਮਸ਼ੀਨਾਂ ਦੀ ਮੁਰੰਮਤ ਅਤੇ ਹੋਰ ਕਾਰਜਾਂ ‘ਤੇ ਕਰੀਬ 45.26 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਨ੍ਹਾਂ ਕਾਰਜਾਂ ਲਈ ਪਹਿਲਾਂ ਹੀ ਪੰਜਾਬ ਸਰਕਾਰ ਈ-ਟੈਂਡਰ ਜਾਰੀ ਕੀਤਾ ਜਾ ਚੁੱਕਾ ਹੈ। ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕੰਮ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।