ਲੁਧਿਆਣਾ : ਪੀ.ਏ.ਯੂ. ਦੀ ਸਥਾਪਤੀ ਦੇ ਡਾਇਮੰਡ ਜੁਬਲੀ ਜਸ਼ਨਾਂ ਦੇ ਐਲਾਨ ਨਾਲ ਅੱਜ ਯੁਵਕ ਮੇਲੇ ਦੀਆਂ ਸੱਭਿਆਚਾਰਕ ਵੰਨਗੀਆਂ ਦਾ ਰਸਮੀ ਆਰੰਭ ਹੋ ਗਿਆ । ਖਚਾਖਚ ਭਰੇ ਡਾ. ਏ ਐੱਸ ਖਹਿਰਾ ਓਪਨ ਏਅਰ ਥੀਏਟਰ ਵਿੱਚ ਹੋਏ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਸਨ ਜਦਕਿ ਇਸ ਸਮਾਗਮ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ।
ਸ. ਸੰਧਵਾਂ ਨੇ ਦੀਪ ਜਗਾ ਕੇ ਯੁਵਕ ਮੇਲੇ ਦੇ ਬਕਾਇਦਾ ਆਰੰਭ ਦੇ ਨਾਲ ਹੀ ਯੂਨੀਵਰਸਿਟੀ ਦੇ ਡਾਇਮੰਡ ਜੁਬਲੀ ਲੋਗੋ ਨੂੰ ਵੀ ਰਿਲੀਜ਼ ਕੀਤਾ । ਕਮਿਊਨਟੀ ਸਾਇੰਸ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ‘ਦੇਹਿ ਸ਼ਿਵਾ ਵਰ ਮੋਹਿ ਇਹੈ’ ਸ਼ਬਦ ਦੇ ਗਾਇਨ ਨਾਲ ਯੁਵਕ ਮੇਲੇ ਦੇ ਉਦਘਾਟਨ ਦੀਆਂ ਰਸਮਾਂ ਨੇਪਰੇ ਚੜੀਆਂ ।
ਇਸ ਮੌਕੇ ਬੋਲਦਿਆਂ ਸ਼੍ਰੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੀ.ਏ.ਯੂ. ਅਜਿਹੀ ਸੰਸਥਾ ਹੈ ਜਿਸਦਾ ਮਾਣ ਦੁਨੀਆਂ ਦੇ ਹਰ ਕੋਨੇ ਵਿੱਚ ਫੈਲਿਆ ਹੋਇਆ ਹੈ । ਉਹਨਾਂ ਕਿਹਾ ਕਿ ਪੰਜਾਬ ਸੱਭਿਆਚਾਰ ਦਾ ਪੰਘੂੜਾ ਹੈ ਅਤੇ ਯੁਵਕ ਮੇਲੇ ਦੀਆਂ ਸੱਭਿਆਚਾਰਕ ਝਲਕੀਆਂ ਪੰਜਾਬ ਦੇ ਜਾਗਦੇ ਰੂਪ ਦਾ ਸੁਨੇਹਾ ਹਨ । ਸ. ਸੰਧਵਾਂ ਨੇ ਵਿਦਿਆਰਥੀ ਜੀਵਨ ਨੂੰ ਕਿਸੇ ਮਨੁੱਖ ਦੀ ਉਮਰ ਦਾ ਸੁਨਹਿਰੀ ਕਾਲ ਕਿਹਾ ਅਤੇ ਜ਼ਿੰਦਗੀ ਜੀਣ ਅਤੇ ਪ੍ਰਤਿਭਾ ਨਿਖਾਰਨ ਦੇ ਨਾਲ ਸਮਾਜ ਨੂੰ ਜਾਨਣ ਦੀ ਕਲਾ ਯੁਵਕ ਮੇਲਿਆਂ ਰਾਹੀਂ ਫੈਲਦੀ ਹੈ ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਉਤਸ਼ਾਹ ਅਤੇ ਰੌਣਕਾਂ ਪੰਜਾਬ ਦੀ ਜਵਾਨੀ ਦਾ ਝਲਕਾਰਾ ਹਨ । ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਵੱਲੋਂ ਕੀਤੀ ਮਿਹਨਤ ਸਪੱਸ਼ਟ ਝਲਕਦੀ ਹੈ । ਪੀ.ਏ.ਯੂ. ਦੀ ਸੱਭਿਆਚਾਰਕ ਵਿਰਾਸਤ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਸਿਰਫ ਖੇਤੀ ਦੇ ਖੇਤਰ ਵਿੱਚ ਹੀ ਨਹੀਂ ਬਲਕਿ ਸੱਭਿਆਚਾਰ ਦੀ ਸੰਭਾਲ ਲਈ ਹਮੇਸ਼ਾ ਵਚਨਬੱਧ ਸੰਸਥਾਂ ਹੈ । ਇਸਦੀ ਸਪੱਸ਼ਟ ਮਿਸਾਲ ਯੂਨੀਵਰਸਿਟੀ ਦਾ ਅਜਾਇਬ ਘਰ ਹੈ ਜਿਸ ਵਿੱਚ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੀ ਨੁਹਾਰ ਸੰਭਾਲੀ ਹੋਈ ਹੈ ।
ਡਾ. ਗੋਸਲ ਨੇ ਮੌਜੂਦਾ ਸਮੇਂ ਵਿੱਚ ਸੱਭਿਆਚਾਰਕ ਵਿਰਸੇ ਬਾਰੇ ਫਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਪੰਜਾਬ ਦੀ ਵਿਰਾਸਤ ਦੇ ਦੂਤ ਬਣਨਗੇ । ਉਹਨਾਂ ਕਿਹਾ ਕਿ ਯੁਵਕ ਮੇਲਾ ਸਮਰਪਣ, ਅਨੁਸ਼ਾਸ਼ਨ, ਯੋਗਤਾ, ਮਿਹਨਤ, ਲਗਨ ਅਤੇ ਸਾਰਥਕ ਵਿਉਂਬੰਦੀ ਰਾਹੀਂ ਸਫਲਤਾ ਵੱਲ ਜਾਂਦੀ ਪਗਡੰਡੀ ਵਾਂਗ ਹੈ । ਉਹਨਾਂ ਭਾਗ ਲੈਣ ਵਾਲਿਆਂ ਨੂੰ ਪ੍ਰੇਰਿਤ ਕਰਦਿਆਂ ਸਫਲਤਾ ਲਈ ਲਗਾਤਾਰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ ਅਤੇ ਆਯੋਜਕਾਂ ਨੂੰ ਕਾਮਯਾਬ ਆਯੋਜਨ ਲਈ ਵਧਾਈ ਦਿੱਤੀ ।
ਇਸ ਦੌਰਾਨ ਮੁੱਖ ਮਹਿਮਾਨ ਨੂੰ ਸ਼ਾਲ ਅਤੇ ਯਾਦ ਚਿੰਨ ਨਾਲ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਧੰਨਵਾਦ ਦੇ ਸ਼ਬਦ ਕਹੇ । ਇਸ ਮੌਕੇ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ, ਪ੍ਰਬੰਧਕੀ ਬੋਰਡ ਦੇ ਮੈਂਬਰ ਸ੍ਰੀਮਤੀ ਕਿਰਨਦੀਪ ਕੌਰ ਗਿੱਲ, ਐੱਸ ਡੀ ਐੱਮ ਖੰਨਾ ਮਨਜੀਤ ਕੌਰ ਤੋਂ ਇਲਾਵਾ ਪੀ.ਏ.ਯੂ. ਦੇ ਉੱਚ ਅਧਿਕਾਰੀ, ਡੀਨ ਡਾਇਰੈਕਟਰ, ਅਧਿਆਪਨ, ਗੈਰ ਅਧਿਆਪਨ ਅਮਲੇ ਦੇ ਮੈਂਬਰ ਅਤੇ ਵਿਦਿਆਰਥੀ ਭਾਰੀ ਗਿਣਤੀ ਵਿੱਚ ਮੌਜੂਦ ਰਹੇ ।
ਰੰਗਲਾ ਪੰਜਾਬ ਵਿਸ਼ੇ ਤੇ ਵੱਖ-ਵੱਖ ਕਾਲਜਾਂ ਵੱਲੋਂ ਛੇ ਸੱਭਿਆਚਾਰਕ ਝਾਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ । ਇਹਨਾਂ ਝਾਕੀਆਂ ਵਿੱਚ ਪੀ.ਏ.ਯੂ. ਦੇ ਕਾਲਜਾਂ ਤੋਂ ਇਲਾਵਾ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੀਆਂ ਟੀਮਾਂ ਸ਼ਾਮਿਲ ਹੋਈਆਂ । ਸੱਭਿਆਚਾਰਕ ਝਾਕੀਆਂ ਦੀ ਜਜਮੈਂਟ ਲਈ ਪ੍ਰਸਿੱਧ ਗਾਇਕ ਜਸਵੰਤ ਸੰਦੀਲਾ, ਸੁੱਖੀ ਬਰਾੜ ਅਤੇ ਗਗਨਦੀਪ ਧਰਨੀ ਮੌਜੂਦ ਸਨ । ਇਸ ਤੋਂ ਇਲਾਵਾ ਲੋਕ ਗੀਤਾਂ ਅਤੇ ਸੋਲੋ ਨਾਚਾਂ ਦੇ ਮੁਕਾਬਲੇ ਹੋਏ । ਸ਼ਾਮ ਦੇ ਸੈਸ਼ਨ ਵਿੱਚ ਪੱਛਮੀ ਸੋਲੋ, ਪੱਛਮੀ ਸਮੂਹ ਨਾਚ, ਲਾਈਟ ਵੋਕਲ ਸੋਲੋ ਤੇ ਭਾਰਤੀ ਸਮੂਹ ਗਾਨ ਦੇ ਮੁਕਾਬਲੇ ਕਰਵਾਏ ਗਏ ।