ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਸੈਸ਼ਨ 2020-21 ਦੀ ਕਨਵੋਕੇਸ਼ਨ ਦੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੋਸਟ ਗਰੈਜੂਏਟ, ਗਰੈਜੂਏਟ ਅਤੇ ਡਿਪਲੋਮੇ ਦੀਆਂ ਵਿਦਿਆਰਥਣਾਂ ਨੂੰ ਆਰਟਸ, ਸਾਇਸ ਅਤੇ ਕਾਮਰਸ ਵਿਭਾਗ ਵਿੱਚ ਜਨਰਲ ਅਤੇ ਆਨਰਜ਼ ਦੀਆਂ ਲਗਭਗ 766 ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਤੇ ਸੰਜੀਵ ਅਰੋੜਾ ਮੈਬਰ ਪਾਰਲੀਮੈਂਟ (ਰਾਜ ਸਭਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਸਮਾਗਮ ਦੀ ਸ਼ੁਰੂਆਤ ਕਾਲਜ ਗੀਤ ਨਾਲ ਹੋਈ । ਸਭ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਸੁਮਨ ਲਤਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਏ ਹੋਏ ਵਿਸ਼ੇਸ਼ ਮਹਿਮਾਨਾ ਦੀ ਸ਼ਖਸੀਅਤ ਬਾਰੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹ ਕੇ ਕਾਲਜ ਦੀਆਂ ਅਕਾਦਮਿਕ, ਸਪੋਰਟਸ, ਸਭਿਅਚਾਰਕ ਖੇਤਰ ਵਿੱਚ ਪ੍ਰਾਪਤੀਆਂ ਤੇ ਚਾਨਣਾ ਪਾਇਆ।
ਸਮਾਗਮ ਦੇ ਮੁੱਖ ਮਹਿਮਾਨ ਸੰਜੀਵ ਅਰੋੜਾ ਮੈਬਰ ਪਾਰਲੀਮੈਂਟ (ਰਾਜ ਸਭਾ) ਵਿਦਿਆਰਥੀਆਂ ਨੂੰ ਮੁਖਾਤਿਬ ਹੁਂਦੇ ਹੋਏ ਆਪਣੇ ਸੁਪਨਿਆਂ ਨੂੰ ਤਨਦੇਹੀ ਨਾਲ ਪੂਰਾ ਕਰਨ ਲਈ ਸਕਾਰਾਤਮਕ ਰਵੱਈਆ ਅਪਨਾਉਣ ਤੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਕਾਲਜ ਦੇ ਸਰਵਪੱਖੀ ਵਿਕਾਸ ਲਈ 50 ਲੱਖ ਰੁਪਏ ਦੀ ਮਾਲੀ ਸਹਾਇਤਾ ਕਰਨ ਦਾ ਐਲਾਨ ਵੀ ਕੀਤਾ।
ਕਾਲਜ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਕਾਲਜ ਦੇ ਰਿਟਾਇਰਡ ਅਧਿਆਪਕ ਸਹਿਬਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਅੰਤ ਵਿੱਚ ਕਾਲਜ ਦੇ ਵਾਇਸ ਪ੍ਰਿੰਸੀਪਲ ਸ੍ਰੀਮਤੀ ਗੁਰਜਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਦਵਾਦ ਕੀਤਾ।