ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਭਾਰਤ ਵਿੱਚ ਮਿੱਟੀ ਰਹਿਤ ਖੇਤੀ ਵਿੱਚ ਪਹਿਲੀ ਸਵਦੇਸੀ ਤਕਨਾਲੋਜੀ, ਦੇਸੀ ਹਾਈਬਿ੍ਰਡ ਹਾਈਡ੍ਰੋਪੋਨਿਕਸ ਤਕਨਾਲੋਜੀ ਨੂੰ ਵਿਕਸਤ ਕਰਕੇ ਰਾਸਟਰੀ ਪੇਟੈਂਟ ਪ੍ਰਾਪਤ ਕਰਨ ਲਈ ਮੋਹਰੀ ਭਾਰਤੀ ਯੂਨੀਵਰਸਿਟੀ ਬਣ ਗਈ ਹੈ। ਭਾਰਤ ਸਰਕਾਰ ਦੇ ਪੇਟੈਂਟ ਦਫਤਰ ਤੋਂ ਪ੍ਰਾਪਤ ਇੱਕ ਸੰਦੇਸ਼ ਅਨੁਸਾਰ ਇਸ ਤਕਨਾਲੋਜੀ ਨੂੰ ਰਾਸਟਰੀ ਪੇਟੈਂਟ ਪ੍ਰਦਾਨ ਕੀਤਾ ਗਿਆ ਹੈ।
ਇਸ ਤਕਨਾਲੋਜੀ ਦੀ ਖੋਜ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ ਵੀ ਪੀ ਸੇਠੀ ਦੁਆਰਾ ਕਰਵਾਈ ਗਈ ਸੀ ਜਿਸ ਵਿੱਚ ਪੌਦਿਆਂ ਦੇ ਬਿਹਤਰ ਵਿਕਾਸ, ਵਧੇਰੇ ਪਾਣੀ ਅਤੇ ਪੌਸਟਿਕ ਤੱਤਾਂ ਦੀ ਬੱਚਤ ਲਈ ਹਾਈਬਿ੍ਰਡ ਹਾਈਡ੍ਰੋਪੋਨਿਕਸ ਟੈਕਨਾਲੋਜੀ ਨੂੰ ਡਿਜਾਇਨ ਅਤੇ ਵਿਕਸਤ ਕੀਤਾ ਗਿਆ ਸੀ। ਇਹ ਖੋਜ ਅਰਧ-ਆਟੋਮੈਟਿਕ ਗ੍ਰੀਨਹਾਉਸ ਦੇ ਅੰਦਰ ਉਪਜ ਰਾਹੀਂ ਕੀਤੀ ਗਈ । ਇਸ ਤਕਨਾਲੋਜੀ ਵਿੱਚ ਦੋ ਵੱਖ-ਵੱਖ ਹਾਈਡ੍ਰੋਪੋਨਿਕਸ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਭੂਮੀ ਰਹਿਤ ਖੇਤੀ ਦਾ ਮਾਡਲ ਵਿਕਸਿਤ ਕੀਤਾ ਗਿਆ ।
ਇਸ ਤਕਨਾਲੋਜੀ ਨੂੰ ਖੀਰਾ, ਟਮਾਟਰ ਅਤੇ ਸ਼ਿਮਲਾ ਮਿਰਚ ਉਗਾਉਣ ਲਈ ਦੋ ਸਾਲਾਂ ਦੌਰਾਨ ਪਰਖਿਆ ਗਿਆ । ਜਿਕਰਯੋਗ ਹੈ ਕਿ ਡਾ: ਸੇਠੀ ਨੂੰ ਸਾਲ 2017 ਵਿੱਚ ਯੂਨੀਵਰਸਿਟੀ ਆਫ ਗੈਲਫ ਓਨਟਾਰੀਓ ਕੈਨੇਡਾ ਵੱਲੋਂ ਵੀ ਇਸ ਵਿਲੱਖਣ ਮਿੱਟੀ ਰਹਿਤ ਤਕਨਾਲੋਜੀ ਬਾਰੇ ਇੱਕ ਵਿਸੇਸ ਸੈਮੀਨਾਰ ਦੇਣ ਲਈ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਕੈਨੇਡਾ ਦੇ ਵਿਗਿਆਨੀਆਂ ਅਤੇ ਗ੍ਰੀਨਹਾਊਸ ਉਤਪਾਦਕਾਂ ਨੇ ਸ਼ਿਰਕਤ ਕੀਤੀ ਸੀ । ਕੈਨੇਡਾ ਨੇ ਇਸ ਮੋਢੀ ਖੋਜ ਲਈ ਡਾ. ਸੇਠੀ ਨੂੰ ਪ੍ਰਸੰਸਾ ਪੱਤਰ ਵੀ ਦਿੱਤਾ ਸੀ।