ਲੁਧਿਆਣਾ : ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਿਡਾਰੀਆਂ ਨੂੰ ਸੱਟਾਂ ਤੋਂ ਬਚਣ ਲਈ ਕੰਕਰੀਟ ਬੈਡਮਿੰਟਨ ਕੋਰਟ ਨੂੰ ਤੁਰੰਤ ਰਵਾਇਤੀ ਸਿੰਥੈਟਿਕ ਕੋਰਟ ਨਾਲ ਬਦਲਿਆ ਜਾਵੇ।
ਮਿੰਨੀ ਰੋਜ਼ ਗਾਰਡਨ ਦੇ ਸੁੰਦਰੀਕਰਨ ਅਤੇ ਮੁਰੰਮਤ ਦੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਨੇ ਕੰਕਰੀਟ ਬੈਡਮਿੰਟਨ ਕੋਰਟ ਦਾ ਪਤਾ ਲੱਗਣ ‘ਤੇ ਹੈਰਾਨ ਹੁੰਦਿਆਂ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਇੱਥੇ ਅਭਿਆਸ ਦੌਰਾਨ ਗੰਭੀਰ ਸੱਟਾਂ ਲੱਗ ਸਕਦੀਆਂ ਹਨ, ਜਿਸ ਤੋਂ ਬਚਾਅ ਜਰੂਰੀ ਹੈ।
ਵਿਧਾਇਕ ਨੇ ਤੁਰੰਤ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਫੋਨ ਕਰਕੇ ਖਿਡਾਰੀਆਂ ਦੀ ਸੁਰੱਖਿਆ ਲਈ ਠੇਕੇਦਾਰ ਨੂੰ ਸਿੰਥੈਟਿਕ ਕੋਰਟ ਲਗਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪਿਛਲੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।
ਪੱਪੀ ਨੇ ਕਿਹਾ, ”ਮੈਂ ਕੰਮ ਦੀ ਰਫਤਾਰ ਦੀ ਨਿਯਮਤ ਤੌਰ ‘ਤੇ ਸਮੀਖਿਆ ਕਰ ਰਿਹਾ ਹਾਂ ਅਤੇ ਲੋਕਾਂ ਦੇ ਭਲੇ ਲਈ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਵਾਂਗਾ।” ਪੱਪੀ ਨੇ ਕਿਹਾ ਕਿ ਲੋਕ ਸ਼ਹਿਰ ਦੀ ਤਰੱਕੀ ਬਾਰੇ ਕਿਸੇ ਵੀ ਸਮੇਂ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਮਿੰਨੀ ਰੋਜ ਗਾਰਡਨ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਦਾ ਕੰਮ ਪਿਛਲੇ ਸਾਲ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਸੀ।