ਲੁਧਿਆਣਾ : ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰੇਗੀ ਅਤੇ ਇਸ ਦਿਸ਼ਾ ਵਿੱਚ ਪਹਿਲਾਂ ਹੀ ਠੋਸ ਉਪਰਾਲੇ ਕੀਤੇ ਜਾ ਰਹੇ ਹਨ।
ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਵੱਲੋਂ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਚਕਰ ਨੂੰ ਪੰਜਾਬ ਦੇ ਮੁੱਕੇਬਾਜ਼ੀ ਹੱਬ ਵਜੋਂ ਵਿਕਸਤ ਕਰੇਗੀ ਜਿਸਨੇ ਵੱਖ-ਵੱਖ ਚੈਂਪੀਅਨ ਮੁੱਕੇਬਾਜ਼ ਪੈਦਾ ਕਰਦਿਆਂ ਦੇਸ਼ ਦਾ ਨਾਮ ਰੌਸ਼ਨ ਕੀਤਾ।
ਉਨ੍ਹਾਂ ਕਿਹਾ ਕਿ ਇਸ ਅਕੈਡਮੀ ਤੋਂ ਸਿੱਖਿਅਤ ਖਿਡਾਰੀ ਸੁਖਦੀਪ ਸਿੰਘ ਚਕਰੀਆ, ਸਿਮਰਨਜੀਤ ਕੌਰ, ਨਵਦੀਪ ਕੌਰ ਅਤੇ ਹੋਰ ਬਹੁਤ ਸਾਰੇ ਖਿਡਾਰੀ ਮੁੱਕੇਬਾਜ਼ੀ ਦੇ ਖੇਤਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ।
ਅਕੈਡਮੀ ਦੇ ਸੰਸਥਾਪਕ ਭਰਾਵਾਂ ਬਲਦੇਵ ਸਿੱਧੂ ਅਤੇ ਮਰਹੂਮ ਅਜਮੇਰ ਸਿੱਧੂ ਵੱਲੋਂ ਸਾਲ 2006 ਤੋਂ ਉਭਰਦੇ ਖਿਡਾਰੀਆਂ ਨੂੰ ਸਾਧਨ ਮੁਹੱਈਆ ਕਰਵਾਉਣ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ ਤਾਂ ਜੋ ਆਉਣ ਵਾਲੇ ਸਾਲਾਂ ਵਿੱਚ ਹੋਰ ਚੈਂਪੀਅਨ ਪੈਦਾ ਕੀਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਵਿੱਚ ਬਹੁਤ ਹੁਨਰ ਹੈ ਪਰ ਉਨ੍ਹਾਂ ਨੂੰ ਇੱਕ ਪਲੇਟਫਾਰਮ ਦੀ ਲੋੜ ਹੈ ਕਿਉਂਕਿ ਇਹ ਅਕੈਡਮੀ ਸਥਾਨਕ ਨੌਜਵਾਨ ਲੜਕੇ-ਲੜਕੀਆਂ ਨੂੰ ਇਹ ਸੁਵਿਧਾ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਪਿੰਡ ਚਕਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸੰਸਥਾਪਕਾਂ ਦਾ ਧੰਨਵਾਦ ਵੀ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬੀ ਨੌਜਵਾਨਾਂ ਦੀ ਲੁਕੀ ਹੋਈ ਪ੍ਰਤਿਭਾ ਨੂੰ ਸਾਹਮਣੇ ਲਿਆਂਦਾ ਜਾ ਸਕੇ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਜਿੱਥੇ ਇਨ੍ਹਾਂ ਖੇਡਾਂ ਵਿੱਚ ਲਗਭਗ 3 ਲੱਖ ਖਿਡਾਰੀਆਂ ਨੇ ਭਾਗ ਲਿਆ ਸੀ।
ਕੈਬਨਿਟ ਮੰਤਰੀ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ, ਮੈਦਾਨਾਂ ਅਤੇ ਸਾਜ਼ੋ-ਸਾਮਾਨ ਸਮੇਤ ਖੇਡਾਂ ਦੀਆਂ ਸਹੂਲਤਾਂ ਦੀ ਮੁਕੰਮਲ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਹਰ ਕਦਮ ਚੁੱਕਿਆ ਜਾਵੇਗਾ। ਇਸ ਮੌਕੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਐਸ.ਡੀ.ਐਮ. ਵਿਕਾਸ ਹੀਰਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।