ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਸੇਵਾ ਮੁਕਤ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਤੂਰ ਨੂੰ ਵਿਭਾਗ ਦੇ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਗਿਆ। ਇਸ ਵਿੱਚ ਵਿਭਾਗ ਦੇ 50 ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਉਨਾਂ ਆਪਣੇ ਲੈਕਚਰ ਵਿੱਚ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਉਨਾਂ ਨੇ ਨੌਜਵਾਨਾਂ ਦੇ ਨਸ਼ਿਆਂ ਵੱਲ ਧਿਆਨ ਭਟਕਾਉਣ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਅਜਿਹੀਆਂ ਸਥਿਤੀਆਂ ਤੋਂ ਬਚਣ ਲਈ ਸੁਝਾਅ ਦਿੱਤੇ।
ਉਨਾਂ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਕਿਤਾਬਾਂ ਪੜਨ, ਖੇਡਾਂ ਵਿੱਚ ਰੁਚੀ ਪੈਦਾ ਕਰਨ ਅਤੇ ਇੱਕ ਚੰਗਾ ਅਤੇ ਸਿਹਤਮੰਦ ਜੀਵਨ ਜਿਊਣ ਲਈ ਸੱਭਿਆਚਾਰ ਨਾਲ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਸਕਾਰਾਤਮਕ ਵਿਵਹਾਰ, ਸਖਤ ਮਿਹਨਤ, ਸਮਾਂ ਅਤੇ ਕੰਮ ਦਾ ਪ੍ਰਬੰਧਨ ਜੀਵਨ ਵਿੱਚ ਸਫਲਤਾ ਦੀ ਕੁੰਜੀ ਹੈ। ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਬੁਲਾਰੇ ਦੇ ਗਿਆਨ ਭਰਪੂਰ ਭਾਸਣ ਦੀ ਸਲਾਘਾ ਕੀਤੀ ਅਤੇ ਸੰਖੇਪ ਜਾਣ-ਪਛਾਣ ਵੀ ਦਿੱਤੀ।