ਲੁਧਿਆਣਾ : ਮਾਛੀਵਾੜਾ ਵਿੱਚ ਸਰਕਾਰੀ ਕਾਲਜ ਦੇ ਪਹਿਲੇ ਦੀਕਸ਼ਾਂਤ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਸ਼ਣ ਦਿੰਦੇ ਹੋਏ, ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਜੀਵ ਅਰੋੜਾ ਨੇ ਐਮਪੀਲੈਡ ਫੰਡ ਵਿਚੋਂ ਕਾਲਜ ਦੀਆਂ ਕੁਝ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ 20 ਲੱਖ ਰੁਪਏ ਦੀ ਗ੍ਰਾੰਟ ਦੇਣ ਦੀ ਘੋਸ਼ਣਾ ਕੀਤੀ ਹੈ। ਅਰੋੜਾ ਨੇੜੇ 150 ਵਿਦਿਆਰਥੀਆਂ ਨੂੰ ਡਿਗਰੀਆਂ ਵੰਡ ਕੇ ਦੀਕਸ਼ਾਂਤ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਅਰੋੜਾ ਨੇ ਇਸ ਕਾਲਜ ਦੇ ਸਰਕਾਰੀ ਕਾਲਜ ਵਿੱਚ ਤਬਦੀਲ ਹੋਣ ਦੇ ਇਕ ਸਾਲ ਦੇ ਅੰਦਰ ਪ੍ਰਿੰਸਪਿਲ ਹਰਪ੍ਰੀਆ ਸਿੰਘ ਵੱਲੋਂ ਕੀਤੇ ਕਾਰਜਾਂ ਦਾ ਜਿਕਰ ਕਰਕੇ ਪ੍ਰਸ਼ੰਸ਼ਾ ਕੀਤੀ।
ਅਰੋੜਾ ਨੇ ਵਿਦਿਆਰਥੀਆਂ ਨੂੰ ਜੀਵਨ ਪ੍ਰਤੀ ਹਮੇਸ਼ਾ ਖੁਸ਼ਨੁਮਾ ਰਵੱਈਆ ਅਪਣਾਉਣ ਅਤੇ ਕਦੇ ਵੀ ਹੌਸਲਾ ਨਾ ਹਾਰਨ ਅਤੇ ਨਿਰਾਸ਼ ਨਾ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਦੁਖੀ ਮਨੁੱਖਤਾ ਅਤੇ ਸਮਾਜ ਲਈ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਮਤਿਹਾਨ ਵਿੱਚ ਪ੍ਰਾਪਤ ਅੰਕ ਇੰਨੇ ਮਹੱਤਵਪੂਰਨ ਨਹੀਂ ਹੁੰਦੇ, ਪਰ ਸਮਾਜ ਵਿੱਚ ਤੁਸੀਂ ਜੋ ਛਾਪ ਛੱਡਦੇ ਹੋ, ਉਹ ਮਾਇਨੇ ਰੱਖਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਦੀ ਨਕਲ ਕਰਨ ਦੀ ਕੋਸ਼ਿਸ਼ ਨਾ ਕਰਨ, ਉਨ੍ਹਾਂ ਨੂੰ ਆਪਣੀ ਪਸੰਦ ਅਤੇ ਕਾਬਲੀਅਤ ਅਨੁਸਾਰ ਆਪਣਾ ਰਸਤਾ ਚੁਣਨਾ ਚਾਹੀਦਾ ਹੈ।