ਲੁਧਿਆਣਾ : ਬਾਲ ਮਨ ਵਿਕਾਸ ਨੂੰ ਸਮਰਪਿਤ ਕੌਮੀ ਅਧਿਆਪਕ ਪੁਰਸਕਾਰ ਜੇਤੂ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਮੈਂਬਰ ਲੇਖਕ ਲਲਤੋਂ ਵਾਸੀ ਸਃ ਕਰਮਜੀਤ ਗਰੇਵਾਲ ਦਾ ਨਵਾਂ ਬਾਲ ਗੀਤ “ਨਵੀਆਂ ਪੁਸਤਕਾਂ” ਪਦਮਸ਼੍ਰੀ ਡਾਃ ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾ ਪਰਿਸ਼ਦ ਪੰਜਾਬ, ਪ੍ਰੋ.ਗੁਰਭਜਨ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਤੇ ਡਾਃ ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਤੇ ਹੋਰ ਸਖ਼ਸ਼ੀਅਤਾਂ ਨੇ ਆਪਣੇ ਕਰ ਕਮਲਾਂ ਨਾਲ਼ ਲੋਕ ਅਰਪਨ ਕੀਤਾ।
ਡਾਃ ਸੁਰਜੀਤ ਪਾਤਰ ਨੇ ਕਰਮਜੀਤ ਗਰੇਵਾਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਨਾਲ਼ ਲੈ ਕੇ ਤਿਆਰ ਕੀਤੇ ਅਜਿਹੇ ਚੰਗੇ ਤੇ ਉਤਸ਼ਾਹ ਵਧਾਊ ਗੀਤਾਂ ਦੀ ਬਹੁਤ ਲੋੜ ਹੈ। ਪ੍ਰੋ.ਗੁਰਭਜਨ ਗਿੱਲ ਨੇ ਕਿਹਾ ਕਿ ਕਰਮਜੀਤ ਗਰੇਵਾਲ ਲੰਬੇ ਸਮੇਂ ਤੋਂ ਲਗਾਤਾਰ ਬਾਲਾਂ ਲਈ ਗੀਤ, ਕਹਾਣੀਆਂ ਤੇ ਬਾਲ ਨਾਟਕਾਂ ਦੀ ਸਿਰਜਣਾ ਕਰ ਰਿਹਾ ਹੈ। ਡਾਃ ਲਖਵਿੰਦਰ ਸਿੰਘ ਜੌਹਲ ਨੇ ਕਰਮਜੀਤ ਗਰੇਵਾਲ ਵੱਲੋਂ ਬੱਚਿਆਂ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਬਾਲ ਮਨਾਂ ਤੇ ਇਹ ਗੀਤ ਨਵੀਂ ਛਾਪ ਛੱਡੇਗਾ।