ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦਾ ਅੰਤਰ ਕਾਲਜ ਯੁਵਕ ਮੇਲਾ 11 ਨਵੰਬਰ ਤੋਂ 18 ਨਵੰਬਰ 2022 ਤਕ ਹੋਵੇਗਾ । ਇਸ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾ ਸਤਿਬੀਰ ਸਿੰਘ ਗੋਸਲ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਤੋਂ ਬਾਅਦ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਗੁਰਮੀਤ ਸਿੰਘ ਬੁੱਟਰ ਨੇਇਸ ਬਾਰੇ ਜਾਣਕਾਰੀ ਦਿੱਤੀ।
ਵਾਈਸ ਚਾਂਸਲਰ, ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੀਟਿੰਗ ਵਿਚ ਯੁਵਕ ਮੇਲੇ ਦੀਆਂ ਤਿਆਰੀਆਂ ਸਬੰਧੀ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੱਤੀ ਕਿ, ਇਸ ਯੁਵਕ ਮੇਲੇ ਦੇ ਦੋ ਪੜਾਅ ਹੋਣਗੇ, ਪਹਿਲੇ ਪੜਾਅ ਦੌਰਾਨ ਸਾਹਿਤਿਕ, ਸੂਖਮ ਅਤੇ ਵਿਰਾਸਤੀ ਕਲਾਵਾਂ ਦੇ ਮੁਕਾਬਲੇ ਮਿਤੀ 11 ਤੋਂ 14 ਨਵੰਬਰ, 2022 ਨੂੰ ਵਿਦਿਆਰਥੀ ਭਵਨ ਵਿਖੇ ਕਰਵਾਏ ਜਾਣਗੇ .
ਦੂਸਰੇ ਪੜਾਅ ਦੌਰਾਨ ਸੰਗੀਤਕ, ਰੰਗ ਮੰਚ ਅਤੇ ਲੋਕ ਨਾਚਾਂ ਦੇ ਮੁਕਾਬਲੇ ਮਿਤੀ 16 ਤੋਂ 18 ਨਵੰਬਰ, 2022 ਨੂੰ ਡਾ ਏ.ਐਸ. ਖਹਿਰਾ ਓਪਨ ਏਅਰ ਥੀਏਟਰ ਵਿਖੇ ਕਰਵਾਏ ਜਾਣਗੇ। ਇਸ ਮੀਟਿੰਗ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਬਰੈਂਡ ਐਮਬੈਸਡਰ, ਡਾ ਜਸਵਿੰਦਰ ਭੱਲਾ, ਡਾ ਰਿਸ਼ੀਇੰਦਰ ਸਿੰਘ ਗਿੱਲ, ਡਾ ਨਿਰਮਲ ਜੌੜਾ, ਡਾ ਚਰਨਜੀਤ ਸਿੰਘ ਔਲਖ, ਡਾ ਵਿਸ਼ਾਲ ਬੈਕਟਰ, ਡਾ ਜਸਵਿੰਦਰ ਕੌਰ ਬਰਾੜ, ਸ ਸਤਵੀਰ ਸਿੰਘ ਵੀ ਹਾਜ਼ਰ ਸਨ।