ਖ਼ਬਰਾਂ ਹਨ ਕਿ ਬਾਲੀਵੁੱਡ ਅਦਾਕਾਰਾ ਹੰਸਿਕਾ ਮੋਟਵਾਨੀ ਜੈਪੁਰ ਦੇ ਮੁਡੋਤਾ ਫੋਰਟ ‘ਚ ਵਿਆਹ ਕਰਵਾਉਣ ਜਾ ਰਹੀ ਹੈ। ਹੰਸਿਕਾ ਦਾ ਵਿਆਹ ਦਸੰਬਰ ਮਹੀਨੇ ਦੇ ਦੂਜੇ ਹਫ਼ਤੇ ਹੋਵੇਗਾ, ਜਿਸ ਲਈ ਮੁਡੋਤਾ ਫੋਰਟ ’ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਹਾਲੇ ਤੱਕ ਤਾਰੀਖ਼ ਬਾਰੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਇਹ ਵੀ ਪਤਾ ਨਹੀ ਲੱਗ ਸਕਿਆ ਕਿ ਹੰਸਿਕਾ ਕਿਸ ਨਾਲ ਵਿਆਹ ਕਰਵਾਉਣ ਜਾ ਰਹੀ ਹੈ।
ਵਿਆਹ ਦੀਆਂ ਤਿਆਰੀਆਂ ’ਚ ਲੱਗੇ ਲੋਕਾਂ ਨੇ ਬੱਸ ਇੰਨਾ ਹੀ ਦੱਸਿਆ ਕਿ ਲਾੜੇ ਦੇ ਪਿਤਾ ਰਾਜਨੇਤਾ ਹੈ। ਮੁਡੋਤਾ ਫੋਰਟ ਪਿਛਲੇ ਕੁਝ ਸਾਲਾਂ ਦੌਰਾਨ ਫ਼ਿਲਮ ਜਗਤ ਨਾਲ ਜੁੜੇ ਲੋਕਾਂ ’ਚ ਕਾਫ਼ੀ ਮਸ਼ਹੂਰ ਹੋਇਆ ਹੈ। ਜੈਪੁਰ ਤੋਂ ਕਰੀਬ 23 ਕਿਲੋਮੀਟਰ ਦੂਰ ਸਥਿ ਮੁਡੋਤਾ ਫੋਰਟ ’ਚ ਇਨ੍ਹੀਂ ਦਿਨੀਂ ਰੰਗ-ਰੋਗਨ ਦਾ ਕੰਮ ਚੱਲ ਰਿਹਾ ਹੈ। ਨਵੰਬਰ ’ਚ ਫੋਰਟ ਪੂਰੀ ਤਰ੍ਹਾਂ ਸਜ ਕੇ ਤਿਆਰ ਹੋ ਜਾਵੇਗਾ। ਸਾਲ 2013 ’ਚ ਮੁਡੋਤਾ ਫੋਰਟ ਨੂੰ ਆਧੁਨਿਕ ਪੋਲੋ ਰਿਜ਼ਾਰਟ ਦੇ ਰੂਪ ’ਚ ਪਛਾਣ ਮਿਲੀ ਹੈ।
ਖ਼ਬਰਾਂ ਮੁਤਾਬਕ, ਹੰਸਿਕਾ ਮੋਟਵਾਨੀ ਇਸ ਸਾਲ ਦੇ ਅੰਤ ‘ਚ ਵਿਆਹ ਦੇ ਬੰਧਨ ‘ਚ ਬੱਝ ਸਕਦੀ ਹੈ। ਅਦਾਕਾਰਾ ਦਸੰਬਰ ‘ਚ ਸ਼ਾਹੀ ਅੰਦਾਜ਼ ‘ਚ ਵਿਆਹ ਕਰਵਾਏਗੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਵਿਆਹ ਲਈ 450 ਸਾਲ ਪੁਰਾਣਾ ਕਿਲ੍ਹਾ ਚੁਣਿਆ ਹੈ। ਜਿੱਥੇ ਉਹ ਆਪਣੇ ਸੁਫ਼ਨਿਆਂ ਦੇ ਰਾਜਕੁਮਾਰ ਨਾਲ ਸੱਤ ਫੇਰੇ ਲਵੇਗੀ। ਉਨ੍ਹਾਂ ਦੇ ਵਿਆਹ ਦੇ ਸਾਰੇ ਸਮਾਗਮ ਰਾਜਸਥਾਨ ਦੇ ਜੈਪੁਰ ਸਥਿਤ ਮੁੰਡੋਤਾ ਫੋਰਟ ‘ਚ ਹੋਣਗੇ। ਅਜੇ ਤੱਕ ਅਦਾਕਾਰਾ ਨੇ ਆਪਣੇ ਵਿਆਹ ਦੀਆਂ ਖ਼ਬਰਾਂ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਅਤੇ ਨਾ ਹੀ ਇਨ੍ਹਾਂ ਖਬਰਾਂ ਦੀ ਪੁਸ਼ਟੀ ਕੀਤੀ ਹੈ।
ਛੋਟੇ ਪਰਦੇ ਤੋਂ ਬਾਲ ਕਲਾਕਾਰ ਦੇ ਤੌਰ ‘ਤੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹੰਸਿਕਾ ਮੋਟਵਾਨੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੀ ਹੈ। ਹੰਸਿਕਾ ਨੂੰ ਟੀ. ਵੀ. ਸ਼ੋਅ ‘ਸ਼ਾਕਾ ਲਾਕਾ ਬੂਮ ਬੂਮ’ ਤੋਂ ਖ਼ਾਸ ਪਛਾਣ ਮਿਲੀ ਸੀ। ਇਸ ਤੋਂ ਬਾਅਦ ਉਸ ਨੇ ਏਕਤਾ ਕਪੂਰ ਦੇ ਸ਼ੋਅ ‘ਕਿਉਂਕੀ ਸਾਸ ਭੀ ਕਭੀ ਬਹੂ ਥੀ’ ‘ਚ ਵੀ ਕੰਮ ਕੀਤਾ।
ਛੋਟੇ ਪਰਦੇ ‘ਤੇ ਕੰਮ ਕਰਨ ਤੋਂ ਬਾਅਦ ਅਦਾਕਾਰਾ ਨੇ ਫ਼ਿਲਮਾਂ ‘ਚ ਵੀ ਕੰਮ ਕੀਤਾ। ਉਹ ਫ਼ਿਲਮ ‘ਕੋਈ ਮਿਲ ਗਿਆ’ ‘ਚ ਵੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਬਾਲੀਵੁੱਡ ‘ਚ ‘ਆਪਕਾ ਸਰੂਰ’, ‘ਮਨੀ ਹੈ ਤੋ ਹਨੀ ਹੈ’ ਸਮੇਤ ਕਈ ਫ਼ਿਲਮਾਂ ਵੀ ਕਰ ਚੁੱਕੀ ਹੈ। ਹਾਲਾਂਕਿ ਹੰਸਿਕਾ ਨੂੰ ਬਾਲੀਵੁੱਡ ‘ਚ ਉਹ ਪ੍ਰਸਿੱਧੀ ਨਹੀਂ ਮਿਲ ਸਕੀ, ਪਰ ਉਹ ਸਾਊਥ ਇੰਡਸਟਰੀ ‘ਚ ਚਮਕ ਰਹੀ ਹੈ। ਉਸ ਨੇ ਤੇਲਗੂ ਫ਼ਿਲਮ ‘ਦੇਸਮੁਦੁਰੂ’ ਨਾਲ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ ਦੱਖਣੀ ਸਿਨੇਮਾ ਦੀ ਇੱਕ ਮਸ਼ਹੂਰ ਅਦਾਕਾਰਾ ਹੈ।