ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਤੇ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸਨ ਲੁਧਿਆਣਾ ਦੇ ਸਹਿਯੋਗ ਨਾਲ ਪ੍ਰੋ ਮੋਹਨ ਸਿੰਘ ਦੇ 117ਵੇਂ ਜਨਮ ਦਿਵਸ ਮੌਕੇ ਪ੍ਰੋ. ਮੋਹਨ ਸਿੰਘ ਜਨਮ ਉਤਸਵ ਪੰਜਾਬੀ ਭਵਨ, ਲੁਧਿਆਣਾ ਵਿਖੇ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਰਜੀਤ
ਪਾਤਰ, ਚੇਅਰਮੈਨ, ਪੰਜਾਬ ਕਲਾ ਪਰਸ਼ਿਦ ਸਨ ਅਤੇ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲਸਾਬਕਾ ਪ੍ਰਧਾਨ ਅਤੇ ਫ਼ੈਲੋ ਪੰਜਾਬੀ ਸਾਹਿਤ ਅਕਾਡਮੀ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਪੁੱਜੇ।
ਇਸ ਸਮਾਗਮ ਵਿਚ ਪ੍ਰੋ. ਮੋਹਨ ਸਿੰਘ ਬਾਰੇ ਯਾਦਗਾਰੀ ਭਾਸ਼ਨ ਸ੍ਰੀ ਸੁਵਰਨ ਸਿੰਘ ਵਿਰਕ(ਸਿਰਸਾ) ਨੇ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੋ. ਮੋਹਨ ਸਿੰਘ 20ਵੀਂ ਸਦੀ ਦਾ ਯੁੱਗ ਕਵੀ ਸੀ
ਜਿਸ ਨੇ ਲੋਕ ਪੀੜਾ ਤੇ ਨਿੱਜੀ ਵੇਦਨਾ ਨੂੰ ਸਾਂਝੇ ਰੂਪ ਵਿਚ ਗਾਵਿਆ। ਉਹ ਵਿਕਾਸਸ਼ੀਲ ਇਨਕਲਾਬੀ ਸੋਚ ਦਾ ਕਵੀ ਸੀ ਜਿਸ ਨੇ ਸ਼ਬਦ ਨੂੰ ਸੰਗੀਤ ਵਿਚ ਗੁੰਨਿਆ ਮਾਨਵਤਾ ਦਾ ਗੀਤ ਗਾਇਆ। ਭਾਸ਼ਨ ਉਪਰੰਤ ਪ੍ਰੋ. ਮੋਹਨ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ।
ਸਮਾਗਮ ਵਿਚ ਸ਼ਾਮਲ ਇੱਕੀ ਕਵੀਆਂ ਦਾ ਸਨਮਾਨ ਵੀ ਕੀਤਾ ਗਿਆ। ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ ਲਖਵਿੰਦਰ ਸਿੰਘ ਜੌਹਲ ਹੋਰਾਂ ਆਖਿਆ ਅੱਜ ਪ੍ਰੋ. ਮੋਹਨ ਸਿੰਘ ਦਾ ਜਨਮ ਉਤਸਵ ਅਕਾਡਮੀ ਲਈ ਮਾਣ ਦੀ ਗੱਲ ਹੈ। ਉਨ੍ਹਾਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਲੇਖਕਾਂ ਦੇ ਜਨਮ ਦਿਵਸ ਮਨਾਏ ਜਾਣੇ ਚਾਹੀਦੇ ਹਨ। ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਹੋਰਾਂ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਸਾਡਾ ਯੁੱਗ ਕਵੀ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰੋ. ਮੋਹਨ ਸਿੰਘ ਜੀ ਦੀ ਸੰਗਤ ਕਰਨ ਕਰਕੇ ਹੀ ਸੁਰਜੀਤ ਪਾਤਰ ਹਾਂ। ਪ੍ਰਧਾਨਗੀ ਭਾਸ਼ਨ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦਾ ਜਨਮ ਉਤਸਵ ਮਨਾ ਕੇ ਅਕਾਡਮੀ ਨੇ ਆਪਣਾ ਫ਼ਰਜ਼ ਨਿਭਾਇਆ।