ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜ਼ੋਨ ਬੀ ਦਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਜੋ ਕਿ 15 ਅਕਤੂਬਰ ਤੋਂ ਸ਼ੁਰੂ ਹੋਇਆ ਸੀ ਉਸਦੇ ਅੱਜ ਪੰਜਵੇਂ ਤੇ ਆਖ਼ਰੀ ਦਿਨ ਦਾ ਆਗਾਜ਼ ਬਹੁਤ ਹੀ ਉਤਸ਼ਾਹ ਨਾਲ ਹੋਇਆ। ” ਏਕ ਭਾਰਤ ਸ੍ਰੇਸ਼ਠ ਭਾਰਤ ” ਦੇ ਥੀਮ ਨੂੰ ਲੈ ਕੇ ਸ਼ੁਰੂ ਹੋਏ ਵਿਰਾਸਤੀ ਮੇਲੇ ਵਿੱਚ ਜ਼ੋਨ ਬੀ ਦੇ ਵਿੱਚ ਆਉਂਦੇ 10 ਕਾਲਜਾਂ ਵਿੱਚੋਂ 9 ਕਾਲਜਾਂ ਨੇ ਭਾਗ ਲਿਆ।
ਕਾਲਜ ਆਡੀਟੋਰੀਅਮ ਵਿਖੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਕਰ ਕੇ ਅੱਜ ਦੇ ਦਿਨ ਦਾ ਸ਼ੁਭ ਆਰੰਭ ਕੀਤਾ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਅਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ. ਰਣਜੋਧ ਸਿੰਘ ਨੇ ਕਾਲਜ ਵਿਹੜੇ ਪਹੁੰਚੇ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ ।
ਮੇਲੇ ਦੇ ਆਖ਼ਰੀ ਦਿਨ ਪੰਜਾਬੀ ਸਾਹਿਤ ਦੇ ਸਿਰਮੌਰ ਕਵੀ ਪਦਮ ਸ੍ਰੀ ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਅਤੇ ਉੱਘੇ ਸਿਨੇਮਾ ਕਲਾਕਾਰ ਜਸਵਿੰਦਰ ਭੱਲਾ ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਪਹੁੰਚੇ। ਸੁਰਜੀਤ ਪਾਤਰ ਨੇ ਮੰਚ ਤੋਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦਿਆਂ ਕਿਹਾ ਕਿ ਇਹ ਯੁਵਕ ਮੇਲੇ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜ ਕੇ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਸਰਪ੍ਰਸਤ ਸ.ਹਰਚਰਨ ਸਿੰਘ ਬਿਰਸਨ ਡਾ.ਨਿਰਮਲ ਜੌੜਾ ਅਤੇ ਪੁਖਰਾਜ ਭੱਲਾ ਵੀ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ। ਮੇਲੇ ਦੇ ਦੁਪਹਿਰ ਦੇ ਸੈਸ਼ਨ ਵਿੱਚ ਸ਼੍ਰੀਮਤੀ ਰਵਨੀਤ ਕੌਰ ਆਈ.ਏ. ਐੱਸ. ਮੁੱਖ ਮਹਿਮਾਨ ਅਤੇ ਸ਼ਾਮ ਦੇ ਸੈਸ਼ਨ ਵਿੱਚ ਡਾ. ਸਤਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੀ.ਏ.ਯੂ.ਮੁੱਖ ਮਹਿਮਾਨ ਵਜੋਂ ਕਾਲਜ ਆਏ।
ਯੂਥ ਫੈਸਟੀਵਲ ਵਿੱਚ ਪਹੁੰਚੇ ਡਾ.ਸਤਬੀਰ ਸਿੰਘ ਗੋਸਲ ਨੇ ਇਸ ਫੈਸਟੀਵਲ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ ਹੈ ,ਕਾਲਜਾਂ ਵਿਖੇ ਯੁਵਕ ਮੇਲੇ ਕਰਵਾਉਣ ਦਾ ਇਹੀ ਉਦੇਸ਼ ਹੈ ਕੇ ਸਾਡੀ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰ ਤੇ ਸਾਹਿਤ ਪ੍ਰਤੀ ਚੇਤੰਨ ਹੋਵੇ।
ਯੁਵਕ ਮੇਲੇ ਦੇ ਆਖ਼ਰੀ ਦਿਨ ਮੰਚ ਉੱਤੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਰਵਾਇਤੀ ਗੀਤ (ਲੰਬੀ ਹੇਕ ਦੇ ਗੀਤ ) , ਤੇ ਲੋਕ ਨਾਚ ਲੁੱਡੀ, ਸੰਮੀ ,ਗਿੱਧਾ ਪੇਸ਼ ਕੀਤੇ ਗਏ । ਸਾਰੇ ਹੀ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਕਾਬਲ-ਏ-ਤਾਰੀਫ਼ ਰਿਹਾ । ਰਵਨੀਤ ਕੌਰ ਨੇ ਸੰਬੋਧਨ ਕਰਦੇ ਕਿਹਾ ਕਿ ” ਇਹ ਯੁਵਕ ਮੇਲੇ ਨੌਜਵਾਨਾਂ ਦੇ ਅੰਦਰ ਛੁਪੀ ਕਲਾ ਨੂੰ ਬਾਹਰ ਲਿਆ ਕੇ ਹੋਰ ਨਿਖਾਰ ਕੇ ਉਹਨਾਂ ਨੂੰ ਅੱਗੇ ਵਧਣ ਦੀ ਸੇਧ ਦਿੰਦੇ ਹਨ ।”
ਪ੍ਰਿੰਸੀਪਲ ਡਾ.ਰਾਜੇਸ਼ਵਰਪਾਲ ਕੌਰ ਨੇ ਕਿਹਾ ਕਿ ਇਹ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ ਯੂਥ ਵੈੱਲਫੇਅਰ ਵਿਭਾਗ ਦੇ ਯਤਨਾਂ ਅਤੇ ਇਸ ਜ਼ੋਨ ਵਿੱਚ ਸ਼ਾਮਲ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਦੇ ਸਹਿਯੋਗ ਨਾਲ ਉਲੀਕਿਆ ਗਿਆ ਹੈ ਤੇ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਅਸੀਂ ਇਹ ਮੇਲਾ ਆਪਣੇ ਕਾਲਜ ਵਿੱਚ ਕਰਵਾਇਆ ਤੇ ਅੱਜ ਇਹ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸਮਾਪਤ ਹੋਇਆ ਹੈ ,ਇਸ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀ ਵਧਾਈ ਦੇ ਪਾਤਰ ਹਨ ਉਹਨਾਂ ਨੂੰ ਆਉਣ ਵਾਲੇ ਜੀਵਨ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਹਨ।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀ ਵਧਾਈ ਦੇ ਪਾਤਰ ਹਨ ,ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਪੂਰਾ ਸਾਲ ਯੂਥ ਫੈਸਟੀਵਲ ਨੂੰ ਉਡੀਕਦੇ ਹਨ, ਸਾਰੇ ਹੀ ਪ੍ਰਤੀਭਾਗੀਆਂ ਨੂੰ ਸ਼ੁਭਕਾਮਨਾਵਾਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਖ਼ੂਬ ਨਾਮ ਕਮਾਉਣ ।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਨੇ ਕਾਲਜ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਇਸ ਮੇਲੇ ਦੀ ਸਮਾਪਤੀ ਮੌਕੇ ਵਧਾਈ ਦਿੱਤੀ। ਕਾਲਜ ਪਹੁੰਚੇ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਸਾਰੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਵਿਦਿਅਕ ਵਰ੍ਹੇ 2022 -23 ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੋ ਨ . ਬੀ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੀ ਓਵਰ ਆਲ ਟਰਾਫ਼ੀ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਫਸਟ ਰਨਰ ਅਪ ਟਰਾਫ਼ੀ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਸੈਕਿੰਡ ਰਨਰ ਅਪ ਟਰਾਫ਼ੀ ਖਾਲਸਾ ਕਾਲਜ ਫਾਰ ਵਿਮੈਨ ਲੁਧਿਆਣਾ ਨੇ ਜਿੱਤੀ।