ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਰਾਲੀ ਦੇ ਨਿਪਟਾਰੇ ਲਈ ਇਕ ਆਸਾਨ ਹੱਲ ਲੱਭ ਲਿਆ ਹੈ, ਜੋ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਲਈ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਇਸ ਨਾਲ ਪਰਾਲੀ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਖੇਤ ਵਿੱਚ ਗਾਲਿਆ ਜਾ ਸਕੇਗਾ।
ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਇੱਕ ਪ੍ਰੋਜੈਕਟ ਦੇ ਤਹਿਤ ਪੋਸਟ ਹਾਰਵੈਸਟ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਭਾਗ ਦੇ ਪਿੰ੍ਰਸੀਪਲ ਸਾਇੰਟਿਸਟ ਤੇ ਵਿਭਾਗ ਦੇ ਮੁਖੀ ਡਾ: ਮੁਹੰਮਦ ਸ਼ਰੀਫ ਆਲਮ ਨੇ ਪਰਸ਼ੂਰਾਮ ਬਾਇਓਐਗਰੋਟੈਕ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਜੈਵਿਕ ਘੋਲ (ਬਾਇਓਡੀਕੰਪੋਜ਼ਰ) ਤਿਆਰ ਕੀਤਾ ਹੈ। ਮਾਈਕਰੋ ਅਤੇ ਪਾਇਲਟ ਪੱਧਰ ’ਤੇ ਕੀਤੇ ਗਏ ਲੈਬ ਟਰਾਇਲ ਦੌਰਾਨ ਇਸ ਘੋਲ ਨੇ 24 ਘੰਟਿਆਂ ਦੇ ਅੰਦਰ ਪਰਾਲੀ ਨੂੰ ਗਾਲ ਦਿੱਤਾ। ਹੁਣ ਇਸ ਮਹੀਨੇ ਇਸ ਦੀ ਖੇਤਾਂ ਵਿੱਚ ਪਰਖ ਕੀਤੀ ਜਾਵੇਗੀ। ਫੀਲਡ ਟੈਸਟ ਦੀ ਸਫਲਤਾ ਤੋਂ ਬਾਅਦ ਉਹ ਇਸ ਦੇ ਪੇਟੈਂਟ ਲਈ ਅਪਲਾਈ ਕਰਨਗੇ।
ਡਾ: ਮੁਹੰਮਦ ਆਲਮ ਨੇ ਦੱਸਿਆ ਕਿ ਅਸੀਂ ਇਸ ਘੋਲ ਨੂੰ ਸੈਂਟਰਲ ਇੰਸਟੀਚਿਊਟ ਆਫ਼ ਪੋਸਟ ਹਾਰਵੈਸਟ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸਿਫੇਟ) ਵਿਖੇ ਆਈਸੀਏਆਰ ਤੇ ਆਲ ਇੰਡੀਆ ਕੋਆਰਡੀਨੇਟਡ ਰਿਸਰਚ ਪ੍ਰਾਜੈਕਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਤਕਨਾਲੋਜੀ ਦੇ ਪ੍ਰਾਜੈਕਟ ਕੋਆਰਡੀਨੇਟਰ ਡਾ ਐੱਸਕੇ ਤਿਆਗੀ ਦੇ ਨਿਰਦੇਸ਼ਾਂ ਹੇਠ ਤਿਆਰ ਕੀਤਾ ਹੈ। ਡਾ: ਤਿਆਗੀ ਕੈਮੀਕਲ ਇੰਜੀਨੀਅਰ ਹਨ। ਇਸ ਬਾਰੇ ਜੂਨ ਵਿੱਚ ਖੋਜ ਸ਼ੁਰੂ ਹੋਈ ਸੀ।
ਡਾ: ਮੁਹੰਮਦ ਆਲਮ ਨੇ ਦੱਸਿਆ ਕਿ ਪਰਾਲੀ ਵਿੱਚ ਸਿਲਿਕਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਕਾਰਨ ਤੂਡ਼ੀ ਬਹੁਤ ਮਜ਼ਬੂਤ ਹੁੰਦੀ ਹੈ ਅਤੇ ਆਸਾਨੀ ਨਾਲ ਨਹੀਂ ਗਲਦੀ। ਜੈਵਿਕ ਬਾਇਓਡੀਕੰਪੋਜ਼ਰ ਸਿਲਿਕਾ ਪਰਤ ਨੂੰ ਤੋਡ਼ਦਾ ਹੈ। ਲੈਬ ਟੈਸਟ ਦੌਰਾਨ, ਪਰਾਲੀ 90 ਤੋਂ 92 ਪ੍ਰਤੀਸ਼ਤ ਤੱਕ ਗਲ ਗਈ ਅਤੇ ਬਹੁਤ ਹੀ ਬਰੀਕ ਟੁਕਡ਼ਿਆਂ ਵਿੱਚ ਬਦਲ ਗਈ। ਇਸ ਤੋਂ ਬਾਅਦ ਡਾ. ਐੱਸਕੇ ਤਿਆਗੀ ਨੇ ਵੀ ਆਪਣੇ ਵੱਲੋਂ ਟਰਾਇਲ ਕੀਤਾ ਅਤੇ ਪਾਇਆ ਕਿ ਇਹ ਹੱਲ 95 ਫੀਸਦੀ ਤੱਕ ਅਸਰਦਾਰ ਹੈ। ਜੇ ਇਸ ਬਾਇਓਡੀਕੰਪੋਜ਼ਰ ਨਾਲ ਪੰਜ ਫੀਸਦੀ ਗਊ ਮੂਤਰ ਮਿਲਾਇਆ ਜਾਵੇ ਤਾਂ ਇਹ ਜ਼ਿਆਦਾ ਅਸਰਦਾਰ ਹੋ ਜਾਂਦਾ ਹੈ।
ਡਾਕਟਰ ਐੱਸਕੇ ਤਿਆਗੀ ਦਾ ਕਹਿਣਾ ਹੈ ਕਿ ਇਸ ਘੋਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਰੈਡੀ ਟੂ ਯੂਜ਼ ਹੈ ਭਾਵ ਇਸਦੀ ਵਰਤੋਂ ਤੁਰੰਤ ਕੀਤੀ ਜਾ ਸਕਦੀ ਹੈ। ਕਿਸਾਨਾਂ ਨੂੰ ਇਸ ਵਿੱਚ ਜ਼ਿਆਦਾ ਕੁਝ ਕਰਨ ਦੀ ਲੋਡ਼ ਨਹੀਂ ਹੈ। ਕਿਸਾਨਾਂ ਨੂੰ 25 ਲੀਟਰ ਪਾਣੀ ਵਿੱਚ ਇੱਕ ਲੀਟਰ ਘੋਲ ਮਿਲਾ ਕੇ ਖੇਤ ਵਿੱਚ ਛਿਡ਼ਕ ਕੇ 24 ਘੰਟੇ ਲਈ ਛੱਡਣਾ ਹੈ। ਇਸ ਦੇ 24 ਘੰਟੇ ਬਾਅਦ ਦੋ ਫੁੱਟ ਲੰਬੀ ਤੂਡ਼ੀ ਬਰੀਕ ਟੁਕਡ਼ਿਆਂ ਵਿੱਚ ਬਦਲ ਜਾਂਦੀ ਹੈ। ਜਦੋਂ ਟਰੈਕਟਰ ਦੁਆਰਾ ਹਲ ਵਾਹੁਣ ਦਾ ਕੰਮ ਕੀਤਾ ਜਾਂਦਾ ਹੈ, ਤਾਂ ਇਹ ਆਸਾਨੀ ਨਾਲ ਮਿੱਟੀ ਵਿੱਚ ਜਜ਼ਬ ਹੋ ਜਾਂਦਾ ਹੈ।