ਲੁਧਿਆਣਾ : ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਜਤਿੰਦਰ ਸਿੰਘ ਵਾਸੀ ਪਿੰਡ ਧਾਂਦਰਾ ਦੀ ਸ਼ਿਕਾਇਤ ‘ਤੇ ਸਾਲਮ ਖ਼ਾਨ ਅਤੇ ਉਸ ਦੀ ਪਤਨੀ ਨਿੱਕੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਹ ਕਥਿਤ ਦੋਸ਼ੀ ਪੰਜਾਬੀ ਬਾਗ਼ ਦੇ ਰਹਿਣ ਵਾਲੇ ਹਨ |
ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਆਪਣੇ ਗਾਇਕੀ ਦੇ ਗਰੁੱਪ ਵਿਚ ਉਸ ਨੂੰ ਮੈਂਬਰ ਬਣਾ ਕੇ ਕੈਨੇਡਾ ਲਿਜਾਉਣ ਦਾ ਝਾਂਸਾ ਦੇ ਕੇ ਉਸ ਪਾਸੋਂ ਤਿੰਨ ਲੱਖ ਰੁਪਏ ਲੈ ਲਏ, ਪਰ ਕਥਿਤ ਦੋਸ਼ੀ ਨੇ ਨਾ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ | ਦੂਜੇ ਮਾਮਲੇ ਵਿਚ ਪੁਲਿਸ ਨੇ ਬਲਬੀਰ ਸਿੰਘ ਵਾਸੀ ਗੁਰੂ ਅਮਰਦਾਸ ਨਗਰ ਦੀ ਸ਼ਿਕਾਇਤ ‘ਤੇ ਕੁਲਵੀਰ ਸਿੰਘ, ਰੀਤੀ ਕੌੜਾ, ਬੇਅੰਤ ਸਿੰਘ, ਜਗਦੇਵ ਸਿੰਘ, ਕਰਨਵੀਰ ਸਿੰਘ ਵਾਸੀ ਮੋਹਾਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਇਕ ਹੋਰ ਅਜਿਹੇ ਮਾਮਲੇ ਵਿਚ ਪੁਲਿਸ ਨੇ ਸੁਮੇਸ਼ ਕੁਮਾਰ ਵਾਸੀ ਦੁਰਗਾ ਪੁਰੀ ਦੀ ਸ਼ਿਕਾਇਤ ‘ਤੇ ਇੰਦਰਜੀਤ ਕੌਰ ਪਤਨੀ ਨਰਿੰਦਰ ਸਿੰਘ, ਨਰਿੰਦਰ ਸਿੰਘ ਪੁੱਤਰ ਗੋਬਿੰਦ ਸਿੰਘ, ਗੁਰਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਅਤੇ ਸੁਖਵੰਤ ਸਿੰਘ ਗਰੇਵਾਲ ਵਾਸੀ ਭਾਮੀਆਂ ਖ਼ੁਰਦ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਕਥਿਤ ਦੋਸ਼ੀਆਂ ਉੱਤੇ ਸ਼ਿਕਾਇਤਕਰਤਾ ਦੀ ਲੜਕੀ ਅਲੀਸ਼ਾ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 7 ਲੱਖ 88 ਹਜ਼ਾਰ ਰੁਪਏ ਦੀ ਠੱਗੀ ਕਰਨ ਦਾ ਦੋਸ਼ ਲਗਾਇਆ ਹੈ |