ਲੁਧਿਆਣਾ : ਡਾ. ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਤੇ ਮੈਡੀਕਲ ਸਾਇੰਸ ਸੈਂਟਰ ਦਾ ਵੀਸੀ ਨਿਯੁਕਤ ਕੀਤੇ ਜਾਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਕਿ ਡਾ. ਵਾਂਡਰ ਦੀ ਅਗਵਾਈ ’ਚ ਯੂਨੀਵਰਸਿਟੀ ਲੋਕ ਸੇਵਾ ਲਈ ਨਵੇਂ ਮੁਕਾਮ ਸਥਾਪਤ ਕਰੇਗੀ। ਆਪਣੇ ਮਰੀਜ਼ਾਂ, ਦੋਸਤਾਂ ’ਚ ਡਾ. ਵੰਡਰਫੁੱਲ ਤੇ ਵੰਡਰਮੈਨ ਦੇ ਨਾਂ ਨਾਲ ਮਸ਼ਹੂਰ 62 ਸਾਲਾ ਡਾ. ਵਾਂਡਰ ਦੇ ਹੱਥਾਂ ’ਚ ਬਾਬਾ ਫਰੀਦ ਯੂਨੀਵਰਸਿਟੀ ਤੇ ਮੈਡੀਕਲ ਸਾਇੰਸ ਸੈਂਟਰ ਫਰੀਦਕੋਟ ਦੀ ਕਮਾਨ ਆਉਣ ’ਤੇ ਸ਼ਹਿਰ ਦੇ ਡਾਕਟਰਾਂ ’ਚ ਖ਼ੁਸ਼ੀ ਦੀ ਲਹਿਰ ਦੌਡ਼ ਗਈ।
ਦੱਸਣਯੋਗ ਹੈ ਕਿ 1 ਸਤੰਬਰ, 1988 ਨੂੰ ਡੀਐੱਮਸੀ ਦੇ ਕਾਰਡੀਓਲਾਜੀ ਯੂਨਿਟ ’ਚ ਲੈਕਚਰਾਰ ਦੇ ਰੂਪ ’ਚ ਸ਼ੁਰੂਆਤ ਕੀਤੀ ਤੇ ਇਸ ਤੋਂ ਬਾਅਦ ਉਨ੍ਹਾਂ ਕਦੀ ਪਿੱਛੇ ਮੁਡ਼ ਕੇ ਨਹੀਂ ਦੇਖਿਆ। ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ’ਚ 1988 ’ਚ ਕਾਰਡੀਓਲਾਜੀ ਯੂਨਿਟ ਦੀ ਸ਼ੁਰੂਆਤ ਹੋਈ। ਉਸ ਦੌਰਾਨ ਲੁਧਿਆਣਾ ਤੇ ਪੰਜਾਬ ਦੇ ਲੋਕਾਂ ਨੂੰ ਦਿਲ ਦੇ ਰੋਗਾਂ ਦੇ ਇਲਾਜ ਲਈ ਦਿੱਲੀ ਜਾਣਾ ਪੈਂਦਾ ਸੀ। ਪਰ, ਯੂਨਿਟ ਸ਼ੁਰੂ ਹੋਣ ਤੋਂ ਬਾਅਦ ਸ਼ਹਿਰ ਦੇ ਮਰੀਜ਼ਾਂ ਦੇ ਨਾਲ-ਨਾਲ ਪੰਜਾਬ ਤੇ ਆਸਪਾਸ ਦੇ ਸੂਬਿਆਂ ਦੇ ਮਰੀਜ਼ਾਂ ਨੂੰ ਸ਼ਹਿਰ ’ਚ ਹੀ ਦਿਲ ਦੇ ਰੋਗ ’ਚ ਬਿਹਤਰੀਨ ਇਲਾਜ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ।
ਸਾਲ 2001 ’ਚ ਲੁਧਿਆਣਾ ’ਚ ਹੀ ਹੀਰੋ ਡੀਐੱਮਸੀ ਹਾਰਟ ਇੰਸਟੀਚਿਊਟ ਦੀ ਯੋਜਨਾ ਬਣਾਉਣ, ਵਿਕਸਤ ਕਰਨ ਤੇ ਸਥਾਪਤ ਕਰਨ ’ਚ ਡਾ. ਵਾਂਡਰ ਨੇ ਅਹਿਮ ਭੂਮਿਕਾ ਨਿਭਾਈ। ਉਹ ਪਿਛਲੇ 28 ਸਾਲਾਂ ’ਚ ਸਰਗਰਮ ਰੂਪ ਨਾਲ ਖੋਜ ’ਚ ਸ਼ਾਮਲ ਰਹੇ ਹਨ ਤੇ 106 ਪੇਪਰ ਪ੍ਰਕਾਸ਼ਿਤ ਕੀਤੇ ਹਨ। ਜਿਨ੍ਹਾਂ ’ਚੋਂ 45 ਵਿਦੇਸ਼ੀ ਪੱਤਰਕਾਵਾਂ ਜਿਵੇਂ ਦਿ ਲੈਂਸੇਟ, ਨੇਚਰ ਜੈਨੇਟਿਕਸ, ਜਰਨਲ ਆਫ ਅਮੈਰਿਕਨ ਕਾਲਜ ਆਫ ਕਾਰਡੀਓਲਾਜੀ ਆਦਿ ’ਚ ਪ੍ਰਕਾਸ਼ਿਤ ਹੋਏ ਹਨ। ਉੱਥੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਮੇਲਨਾਂ ’ਚ 115 ਪੇਪਰ ਪੇਸ਼ ਕੀਤੇ ਗਏ ਹਨ। ਆਕਸੀਕ੍ਰਿਤ ਕੋਲੇਸਟ੍ਰਾਲ ਦੀ ਐਥੇਰੋਜੇਨੈਸਿਟੀ ਤੇ ਕੋਰੋਨਰੀ ਦਿਲ ਰੋਗ ’ਤੇ ਇਕ ਬ੍ਰਿਟਿਸ਼ ਸਹਿਯੋਗੀ ਅਧਿਐਨ ’ਤੇ ਕੁਝ ਪਸ਼ੂ ਪ੍ਰਯੋਗਾਂ ਦੇ ਅਧਿਐਨ ਕੀਤੇ ਹਨ।
ਡਾ. ਵਾਂਡਰ ਨੂੰ ਕਈ ਰਾਸ਼ਟਰੀ ਤੇ ਕੌਮਾਂਤਰੀ ਐਵਾਰਡ ਮਿਲ ਚੁੱਕੇ ਹਨ। ਜਿਸ ’ਚ ਸਭ ਤੋਂ ਅਹਿਮ ਸਾਲ 2006 ਲਈ ਬੀਸੀ ਰਾਏ ਰਾਸ਼ਟਰੀ ਪੁਰਸਕਾਰ ਹੈ ਤੇ ਇਕ ਜੁਲਾਈ 2008 ਨੂੰ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੋਂ ਸਨਮਾਨਿਤ ਹੋ ਚੁੱਕੇ ਹਨ। ਸਾਲ 2009 ਲਈ ਜਰਨਲ ਆਫ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਆ ਵੱਲੋਂ ਵੀਆਰ ਜੋਸ਼ੀ ਜੇਏਪੀਆਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਹੋਰ ਕਈ ਸੰਸਥਾਵਾਂ ਵੱਲੋਂ ਵੀ ਬਹੁਤ ਸਾਰੇ ਐਵਾਰਡਾਂ ਨਾਲ ਸਨਮਾਨਿਤ ਹੋ ਚੁੱਕੇ ਹਨ।
ਸਰਕਾਰ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਤੇ ਮੈਡੀਕਲ ਸਾਇੰਸ ਸੈਂਟਰ ਫਰੀਦਕੋਟ ਦੀ ਕਮਾਨ ਸੌਂਪੇ ਜਾਣ ਮਗਰੋਂ ਡਾ. ਵਾਂਡਰ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਮੇਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਪੰਜਾਬ ’ਚ ਮੈਡੀਕਲ ਐਜੂਕੇਸ਼ਨ ਨੂੰ ਇਕ ਨਵੇਂ ਮੁਕਾਮ ’ਤੇ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਪੰਜਾਬ ਦੇ ਮੈਡੀਕਲ ਕਾਲਜ ਤੇ ਹਸਪਤਾਲ ਵੱਖੋ ਵੱਖ ਕੰਮ ਕਰ ਰਹੇ ਹਨ। ਉਨ੍ਹਾਂ ਦਾ ਮੁੱਖ ਟੀਚਾ ਰਹੇਗਾ ਕਿ ਇਨ੍ਹਾਂ ਕਾਲਜਾਂ ਨੂੰ ਇਕੱਠਾ ਕਰਨ। ਜਿਸ ਨਾਲ ਜੇਕਰ ਇਕ ਮੈਡੀਕਲ ਕਾਲਜ ’ਚ ਕੁਝ ਚੰਗਾ ਹੋ ਰਿਹਾ ਹੋਵੇ ਤਾਂ ਉਹ ਬਾਕੀ ਮੈਡੀਕਲ ਕਾਲਜਾਂ ਨਾਲ ਵੀ ਸਾਂਝਾ ਹੋਵੇ।