ਸੋਰਠਿ ਮਹਲਾ ੯ ॥
ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਗਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥
ਸ਼ੁੱਕਰਵਾਰ, ੧੪ ਅੱਸੂ (ਸੰਮਤ ੫੫੪ ਨਾਨਕਸ਼ਾਹੀ) ੩੦ ਸਤੰਬਰ, ੨੦੨੨ (ਅੰਗ: ੬੩੩)
ਸੋਰਠਿ ਮਹਲਾ ੯ ॥
ਹੇ ਭਾਈ! ਇਸ ਜਗਤ ਵਿਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ, ਦੁੱਖ ਵਿਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ।੧।ਰਹਾਉ। ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ- ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, ਤਦੋਂ ਸਾਥ ਛੱਡ ਕੇ ਸਾਰੇ ਨੱਸ ਜਾਂਦੇ ਹਨ।੧। ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? ਇਸ ਨੇ ਇਹਨਾਂ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ। ਜੇਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤਿ ਸਾਲਾਹ ਇਸ ਨੇ ਭੁਲਾਈ ਹੋਈ ਹੈ।੨। ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ, ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ, ਮੈਂ ਬਹੁਤ ਯਤਨ ਕੀਤਾ ਹੈ। ਹੇ ਨਾਨਕ! ਆਖ- ਹੇ ਪ੍ਰਭੂ! ਆਪਣੇ ਮੁੱਢ-ਕਦੀਮਾਂ ਦੇ ਪਿਆਰ ਵਾਲੇ ਸੁਭਾਵ ਦੀ ਲਾਜ ਰੱਖ, ਮੇਰੀ ਮਦਦ ਕਰ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ।੩।੯।