ਲੁਧਿਆਣਾ : ਬੀਤੇ ਦਿਨੀਂ ਪਏ ਮੀਂਹ ਕਾਰਨ ਮਹਾਨਗਰ ਵਿਚ ਸਬਜ਼ੀਆਂ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ, ਜਿਸ ਕਾਰਨ ਜ਼ਿਆਦਾਤਰ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਛੂਹਣ ਲੱਗੀਆਂ ਹਨ। ਕਾਰੋਬਾਰੀਆਂ ਦੀ ਮੰਨੀਏ ਤਾਂ ਕੀਮਤਾਂ ਵਿਚ ਹੋਇਆ ਬੇਸ਼ੁਮਾਰ ਵਾਧਾ ਅਸਥਾਈ ਰੂਪ ਨਾਲ ਬਣਿਆ ਹੋਇਆ ਹੈ ਅਤੇ ਮੌਸਮ ਸਾਫ਼ ਹੋਣ ਤੋਂ ਬਾਅਦ ਕੀਮਤਾਂ ਦਾ ਅੰਕੜਾ ਇਕ ਵਾਰ ਫਿਰ ਪਟੜੀ ’ਤੇ ਪਰਤ ਆਵੇਗਾ।
ਆੜ੍ਹਤੀ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਜਿੱਥੇ ਮੰਡੀ ਵਿਚ ਲੋਕਲ ਸਬਜ਼ੀਆਂ ਦੀ ਆਮਦ ਨਾਮਾਤਰ ਹੋ ਰਹੀ ਹੈ, ਉਥੇ ਗੁਆਂਢੀ ਰਾਜ ਹਿਮਾਚਲ ਤੋਂ ਆਉਣ ਵਾਲੀਆਂ ਸਬਜ਼ੀਆਂ ਦੀ ਸਪਲਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਸਬਜ਼ੀ ਮੰਡੀ ਵਿਚ ਜ਼ਿਆਦਾਤਰ ਸਬਜ਼ੀਆਂ ਦੀ ਕਿੱਲਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਸਬਜ਼ੀਆਂ ਇੱਥੇ ਆ ਰਹੀਆਂ ਹਨ, ਉਨ੍ਹਾਂ ਦੀਆਂ ਕੀਮਤਾਂ ਆਮ ਜਨਤਾ ਦੀ ਪਹੁੰਚ ਤੋਂ ਦੂਰ ਹੈ, ਜਿਸ ਵਿਚ ਖ਼ਾਸ ਤੌਰ ’ਤੇ ਗੋਭੀ, ਮਟਰ, ਸ਼ਿਮਲਾ ਮਿਰਚ, ਬੰਦ ਗੋਭੀ, ਹਰੀ ਮਿਰਚ ਅਤੇ ਟਮਾਟਰ ਆਦਿ ਸ਼ਾਮਲ ਹੈ।