ਲੁਧਿਆਣਾ : ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਵੱਲੋ ਸਵਾਈਨ ਫਲੂ ਦੇ ਸਬੰਧ ਵਿਚ ਐਡਵਾਈਜਰੀ ਕਰਦੇ ਹੋਏ ਕਿਹਾ ਗਿਆ ਕਿ ਦੇਸ਼ ਭਰ ਵਿੱਚ ਸਵਾਈਨ ਫਲੂ ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ ਹੈ। ਸਵਾਇਨ ਫਲੂ (H1 N1) ਨਾਮ ਦੇ ਵਾਇਰਸ ਰਾਹੀਂ ਹੁੰਦਾ ਹੈ ਜੋ ਕਿ ਇਕ ਤੋਂ ਦੂਜੇ ਮਨੁੱਖ ਵਿੱਚ ਸਾਹ ਰਾਹੀਂ ਫੈਲਦਾ ਹੈ। H1 N1 ਦੇ ਲੱਛਣ ਨਿਯਮਤ ਫਲੂ ਦੇ ਲੱਛਣਾਂ ਦੀ ਨਕਲ ਕਰਦੇ ਹਨ ਜਿਵੇਂ ਕਿ ਬੁਖਾਰ, ਗਲੇ ਵਿੱਚ ਖਰਾਸ਼, ਠੰਢ ਲੱਗਣਾ, ਦਸਤ, ਉਲਟੀਆਂ ਅਤੇ ਕੁਝ ਮਾਮਲਿਆਂ ਵਿੱਚ ਹਸਪਤਾਲ ਵਿੱਚ ਭਰਤੀ ਦੀ ਲੋੜ ਹੋ ਸਕਦੀ ਹੈ।

ਸਿਵਲ ਸਰਜਨ ਡਾ. ਹਿਤਿੰਦਰ ਕੌਰ ਵੱਲੋਂ ਸਵਾਈਨ ਫਲੂ ਦੇ ਮੁੱਖ ਲੱਛਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਤੇਜ਼ ਬੁਖਾਰ (101 ਤੋਂ ਉੱਤੇ), ਖਾਂਸੀ ਅਤੇ ਜ਼ੁਕਾਮ, ਖਾਂਸੀ ਅਤੇ ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ, ਛਿੱਕਾਂ ਆਉਣੀਆਂ ਜਾਂ ਨੱਕ ਵਗਣਾ, ਗਲੇ ਵਿੱਚ ਦਰਦ, ਦਸਤ ਲੱਗਣਾ, ਸਰੀਰ ਟੁੱਟਦਾ ਮਹਿਸੂਸ ਹੋਣਾ ਆਦਿ ਸਵਾਈਨ ਫਲੂ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਵਾਈਨ ਫਲੂ ਬਹੁਤ ਛੂਤਕਾਰੀ ਹੈ। ਇਹ ਬਿਮਾਰੀ ਥੁੱਕ ਅਤੇ ਬਲਗ਼ਮ ਦੇ ਕਣਾਂ ਰਾਹੀਂ ਫੈਲਦੀ ਹੈ ਜਿਵੇਂ ਕਿ ਛਿੱਕ ਜਾਂ ਖੰਘ ਆਦਿ ਰਾਹੀਂ।

ਉਨ੍ਹਾਂ ਸਵਾਈਨ ਫਲੂ ਹੋਣ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਖੰਘਦੇ ਜਾਂ ਛਿੱਕਦੇ ਹੋਏ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖਿਆ ਜਾਵੇ, ਆਪਣਾ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਤੇ ਜਾਣ, ਭੀੜ ਵਾਲੀਆਂ ਥਾਂਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜ੍ਹਤ ਵਿਅਕਤੀ ਤੋਂ ਦੀ ਦੂਰੀ ਬਣਾਕੇ ਰੱਖੀ ਜਾਵੇ ਅਤੇ ਬਹੁਤ ਸਾਰਾ ਪਾਣੀ ਪੀਤਾ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸਵਾਇਨ ਫਲੂ ਸਬੰਧੀ ਲੱਛਣ ਹੁੰਦੇ ਹਨ ਤਾਂ ਭੀੜ ਵਾਲੀਆਂ ਥਾਵਾਂ ਤੇ ਜਾਣ ਤੋ ਪਰਹੇਜ਼ ਕਰੋ ਅਤੇ ਮਾਸਕ ਦੀ ਵਰਤੋ ਕਰੋ। ਇਸ ਤੋਂ ਇਲਾਵਾ ਸਵਾਈਨ ਫਲੂ ਤੋਂ ਬਚਾਅ ਲਈ ਪ੍ਰਹੇਜ ਕਰਨਾ ਚਾਹੀਦਾ ਹੈ ਜਿਸ ਤਹਿਤ ਮਰੀਜ਼ ਨਾਲ ਹੱਥ ਮਿਲਾਉਣਾ, ਗਲ੍ਹੇ ਮਿਲਣਾ, ਚੁੰਮਣਾ ਜਾਂ ਕਿਸੇ ਤਰ੍ਹਾਂ ਦਾ ਸਰੀਰਕ ਸੰਪਰਕ ਕਰਨਾ, ਬਿਨ੍ਹਾਂ ਡਾਕਟਰੀ ਜਾਂਚ ਤੋਂ ਦਵਾਈ ਲੈਣਾ, ਬਾਹਰ ਅਤੇ ਖੁੱਲ੍ਹੇ ਵਿੱਚ ਥੁੱਕਣਾ ਤੋਂ ਗੁਰੇਜ਼ ਕਰਨਾ ਸ਼ਾਮਲ ਹਨ। ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਸਵਾਇਨ ਫਲੂ ਦੇ ਟੈਸਟ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲੱਬਧ ਹਨ।