ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਦੀ ਅਗਵਾਈ ‘ਚ ਡਾ. ਸੁਖਚੈਨ ਕੌਰ ਬੱਸੀ ਵੱਲੋਂ ਸਥਾਨਕ ਹੈਬੋਵਾਲ ਵਿਖੇ ਕ੍ਰਿਕਟ ਟੂਰਨਾਂਮੈਂਟ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਰਵੀ, ਵਿਕਾਸ ਕਸ਼ਿਅਪ, ਨਵੀਨ ਗੋਗਨਾ, ਦੀਪਕ ਅਗਰਵਾਲ, ਅਮਿਤ, ਰਵਿੰਦਰ, ਵਿਨੋਦ ਅਖਤਰ, ਅਰਜੁਨ ਸ਼ਰਮਾ, ਨਮਨ, ਵਿਦਰਾਜ ਅਤੇ ਰਾਣਾ ਧਰਮਪਾਲ ਵੀ ਮੌਜੂਦ ਸਨ।
ਡਾ. ਬੱਸੀ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਪ੍ਰੇਰਣਾ ਦਾ ਨੌਜਵਾਨਾਂ ‘ਤੇ ਅਸਰ ਸਾਫ ਦੇਖਣ ਨੂੰ ਨਜ਼ਰ ਆ ਰਿਹਾ ਹੈ। ਇਨ੍ਹਾਂ ਖੇਡਾਂ ਦੌਰਾਨ ਜਿੱਥੇ ਨੌਜਵਾਨਾਂ ਵੱਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ ਉੱਥੇ ਹੀ ਆਪਣੇ ਪੱਧਰ ‘ਤੇ ਵੀ ਵੱਖ-ਵੱਖ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ।
ਡਾ. ਸੁਖਚੈਨ ਕੌਰ ਬੱਸੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਦੀ ਯੋਗ ਅਗਵਾਈ ਹੇਠ ਪੰਜਾਬੀ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ ਜੋ ਕਿ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੋਵੇਗੀ ਅਤੇ ਉਹ ਆਪਣੇ ਪਰਿਵਾਰ ਦਾ ਸਹਾਰਾ ਬਣ ਸਕਣਗੇ।
ਇਸ ਤੋਂ ਬਾਅਦ, ਡਾ. ਬੱਸੀ ਵੱਲੋਂ ਹਲਕੇ ਦੇ ਵਾਰਡ ਨੰਬਰ 76 ਅਧੀਨ ਕ੍ਰਿਸ਼ਨਾ ਨਗਰ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਮੁ਼ਸ਼ਕਿਲਾਂ ਸੁਣੀਆਂ ਜਿਨ੍ਹਾਂ ਵਿੱਚੋਂ ਕੁਝ ਔਕੜਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਮੁ਼ਸ਼ਕਿਲਾਂ ਦੇ ਵੀ ਜਲਦ ਨਿਪਟਾਰੇ ਦਾ ਭਰੋਸਾ ਦਿੱਤਾ।