Connect with us

ਪੰਜਾਬੀ

 ਪ੍ਰੋਃ ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ ਦਾ ਆਯੋਜਨ

Published

on

Prof. Nirpjeet Kaur Gill Memorial Award Ceremony organized

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਨਾਲ ਡਾਃ ਇਕਬਾਲ ਕੌਰ ਸੌਂਧ, ਡਾਃ ਵਨੀਤਾ ਤੇ ਡਾਃ ਬਲਜੀਤ ਕੌਰ ਨੂੰ ਰਾਮਗੜ੍ਹੀਆ ਗਰਲਜ਼ ਕਾਲਜ ਦੇ ਬਾਬਾ ਗੁਰਮੁਖ ਸਿੰਘ ਹਾਲ ਵਿਖੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿਕਾਸ, ਖੇਤੀਬਾੜੀ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ।

ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ. ਪ. ਸਿੰਘ ਨੇ ਕੀਤੀ ਅਤੇ ਡਾਃ ਰਮੇਸ਼ ਇੰਦਰ ਕੌਰ ਬੱਲ ਤੇ ਸਃ ਰਣਜੋਧ ਸਿੰਘ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ। ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾਃ ਸ਼ਯਾਮ ਸੁੰਦਰ ਦੀਪਤੀ ਅਤੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਹ ਪੁਰਸਕਾਰ ਸਾਲ 2014 ਵਿੱਚ ਸੁਰਗਵਾਸੀ ਪ੍ਰੋਃ ਨਿਰਪਜੀਤ ਕੌਰ ਗਿੱਲ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਸੀ।

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਸ ਪੁਰਸਕਾਰ ਵਿੱਚ ਹਰ ਸ਼ਖ਼ਸੀਅਤ ਨੂੰ ਇੱਕੀ ਇੱਕੀ ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਤੇ ਫੁਲਕਾਰੀ ਭੇਂਟ ਕੀਤੀ ਗਈ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੇਵਾ ਮੁਕਤ ਪ੍ਰੋਫੈਸਰ ਡਾਃ ਇਕਬਾਲ ਕੌਰ ਸੌਂਧ ਲੋਕ ਧਾਰਾ ਮਾਹਿਰ, ਆਲੋਚਕ ਅਤੇ ਕਵਿੱਤਰੀ ਹਨ ਜਿੰਨ੍ਹਾਂ ਨੇ ਗੁਰੂ ਨਾਨਕ ਬਾਣੀ ਵਿੱਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਪ੍ਰਸਥਿਤੀਆਂ ਦੀ ਸਮੀਖਿਆ ਵਿਸ਼ੇ ਤੇ ਪੀ. ਐੱਚ .ਡੀ .ਕੀਤੀ।

ਦੂਜੀ ਸ਼ਖ਼ਸੀਅਤ ਨਵੀਂ ਦਿੱਲੀ ਤੋਂ ਸਿਰਕੱਢ ਕਵਿੱਤਰੀ ਅਤੇ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਡਾਃ ਵਨੀਤਾ ਹਨ ਜਿੰਨ੍ਹਾਂ ਦੀ ਪੁਸਤਕ ਕਾਲ ਪਹਿਰ ਤੇ ਘੜੀਆਂ ਨੂੰ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲ ਚੁਕਾ ਹੈ। ਸੰਗੀਤ ਅਤੇ ਪੰਜਾਬੀ ਵਿੱਚ ਐੱਮ ਏ ਕਰਕੇ ਆਪ ਨੇ ਦਿੱਲੀ ਯੂਨੀਵਰਸਿਟੀ ਤੋਂ ਉੱਤਰ ਆਧੁਨਿਕਤਾ ਨਾਲ ਸਬੰਧਿਤ ਵਿਸ਼ੇ ਤੇ ਪੀ. ਐੱਚ. ਡੀ. ਕਰਕੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਵਿੱਚ ਪੜ੍ਹਾਉਣਾ ਆਰੰਭਿਆ। ਕਵਿਤਾ, ਵਾਰਤਕ, ਆਲੋਚਨਾ, ਅਨੁਵਾਦ ਆਦਿ ਖੇਤਰ ਵਿੱਚ ਆਪਨੇ 56 ਕਿਤਾਬਾਂ ਦੀ ਰਚਨਾ ਕੀਤੀ ਹੈ।

ਤੀਸਰੀ ਹਸਤੀ ਡਾਃ ਬਲਜੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੇਤਰੀ ਕੇਂਦਰ ਜਲੰਧਰ ਦੀ ਰੀਟਾਇਰਡ ਪ੍ਰੋ:ਤੇ ਮੁਖੀ ਪੰਜਾਬੀ ਵਿਭਾਗ ਹਨ ਜਿੰਨ੍ਹਾਂ ਨੇ ਪੰਜਾਬੀ ਕਾਵਿ ਆਲੋਚਨਾ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ। ਸੁਲਤਾਨਪੁਰ ਲੋਧੀ ਦੀ ਜੰਮਪਲ ਇਸ ਵਿਦਵਾਨ ਨੇ ਪਹਿਲਾਂ ਪੰਜ ਸਾਲ ਡਿਗਰੀ ਕਾਲਜ ਵਿੱਚ ਤੇ ਮਗਰੋਂ 34 ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੜ੍ਹਾਇਆ ਹੈ।

Facebook Comments

Trending