ਲੁਧਿਆਣਾ : ਆਰੀਆ ਕਾਲਜ ਗਰਲਜ਼ ਸੈਕਸ਼ਨ, ਲੁਧਿਆਣਾ ਵਿਖੇ ਹਿੰਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਦੇ ਹਿੰਦੀ ਵਿਭਾਗ ਵਲੋਂ ਇਸ ਮੌਕੇ “ਹਿੰਦੀ ਭਾਸ਼ਾ ਦਾ ਮਹੱਤਵ ” ਵਿਸ਼ੇ ਉੱਤੇ ਕਵਿਤਾ ਲਿਖਣ, ਕਵਿਤਾ ਉਚਾਰਨ,ਨਿਬੰਧ ਲਿਖਣ, ਵਿਚਾਰ ਚਰਚਾ ਅਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿਚ ਵਿਦਿਆਰਥਣਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਕਾਲਜ ਦੇ ਅਧਿਆਪਕਾਂ ਨੇ ਵੀ ਹਿੰਦੀ ਭਾਸ਼ਾ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰੀਮਤੀ ਸਤੀਸ਼ਾ ਸ਼ਰਮਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸਭਿਆਚਾਰ ਨੂੰ ਬਚਾਉਣ ਲਈ ਹਿੰਦੀ ਭਾਸ਼ਾ ਦੇ ਮਹੱਤਵ ਨੂੰ ਪਛਾਣਨਾ ਜ਼ਰੂਰੀ ਹੈ। ਕਾਲਜ ਦੇ ਪ੍ਰਿੰਸੀਪਲ ਡਾ.ਸੂਖਸ਼ਮ ਆਹਲੂਵਾਲੀਆ ਨੇ ਵਿਦਿਆਰਥਣਾਂ ਨੂੰ ਹਿੰਦੀ ਭਾਸ਼ਾ ਨਾਲ ਜੁੜੇ ਰਹਿਣ ਅਤੇ ਵੱਧ ਤੋਂ ਵੱਧ ਪ੍ਰਸਾਰਣ ਲਈ ਕਿਹਾ। ਕਾਲਜ ਦੇ ਇੰਚਾਰਜ ਸ਼੍ਰੀਮਤੀ ਕੂਮੁਦ ਚਾਵਲਾ ਜੀ ਨੇ ਵਿਦਿਆਰਥਣਾਂ ਅਤੇ ਸਟਾਫ ਦੇ ਨਾਲ ਆਪਣਾ ਵੱਧ ਤੋਂ ਵੱਧ ਕੰਮ ਹਿੰਦੀ ਭਾਸ਼ਾ ਵਿਚ ਕਰਨ ਦਾ ਵਚਨ ਲਿਆ।